

ਮਾਨਸਾ, 07 ਮਈ ( ਹੀਰਾ ਸਿੰਘ ਮਿੱਤਲ ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਨਸ਼ਾ ਛੱਡ ਕੇ ਕੰਮ-ਧੰਦਾ ਕਰਨ ਵੱਲ ਪ੍ਰੇਰਿਤ ਕਰਨ ਲਈ ਨਿਯੁਕਤ ਕੀਤੇ ਨਸ਼ਾ ਛੁਡਾਊ ਅਫ਼ਸਰਾਂ ਨੂੰ ਐਸ.ਡੀ.ਐਮ. ਬੁਢਲਾਡਾ ਸ਼੍ਰੀ ਗੁਰਸਿਮਰਨ ਸਿੰਘ ਢਿੱਲੋਂ ਅਤੇ ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ ਅਹਿਮਦ ਦੀ ਅਗਵਾਈ ਹੇਠ ਤਹਿਸੀਲ ਪੱਧਰ ‘ਤੇ 2 ਰੋਜ਼ਾ ਟ੍ਰੇਨਿੰਗ ਦਿੱਤੀ ਗਈ। ਨਸ਼ੇ ਵਿੱਚ ਫਸੇ ਵਿਅਕਤੀਆਂ ਨੂੰ ਨਸ਼ੇ ਦੀ ਲੱਤ ਤੋਂ ਛੁਟਕਾਰਾ ਦਿਵਾਉਣ ਲਈ ਹਰੇਕ ਤਹਿਸੀਲ ਪੱਧਰ ‘ਤੇ 45 ਟ੍ਰੇਨਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਟ੍ਰੇਨਿੰਗ ਦੌਰਾਨ ਮਾਸਟਰ ਟ੍ਰੇਨਰਾਂ ਵੱਲੋਂ ਨਸ਼ਾ ਛੁਡਾਊ ਅਫ਼ਸਰਾਂ ਨੂੰ ਦੱਸਿਆ ਕਿ ਇਸ ਮੁਹਿੰਮ ਤਹਿਤ ਹਰੇਕ ਡੈਪੋ ਨੇ ਆਪਣੇ ਘਰ ਅਤੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਤਨਦੇਹੀ ਅਤੇ ਲਗਨ ਨਾਲ ਡਿਊਟੀ ਨਿਭਾਉਣੀ ਹੈ, ਤਾਂ ਜੋ ਨਸ਼ੇ ਦੇ ਕੋਹੜ ਨੂੰ ਹਰੇਕ ਘਰ ਵਿੱਚੋਂ ਕੱਢਿਆ ਜਾ ਸਕੇ। ਟ੍ਰੇਨਿੰਗ ਦੌਰਾਨ ਮਾਸਟਰ ਟ੍ਰੇਨਰਾਂ ਨੇ ਨਵੇਂ ਨਿਯੁਕਤ ਕੀਤੇ ਟ੍ਰੇਨਰਾਂ ਨੂੰ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਕਿਸ ਤਰ੍ਹਾਂ ਨਾਲ ਸਮਝਾ ਕੇ ਨਸ਼ੇ ਦੇ ਦਲਦਲ ਵਿੱਚੋਂ ਬਾਹਰ ਕੱਢਣਾ ਹੈ, ਬਾਰੇ ਜਾਣਕਾਰੀ ਦਿੱਤੀ।
ਟ੍ਰੇਨਿੰਗ ਦੌਰਾਨ ਐਸ.ਡੀ.ਐਮਜ਼ ਨੇ ਨਸ਼ਾ ਛੁਡਾਊ ਅਫ਼ਸਰਾਂ ਨੂੰ ਦੱਸਿਆ ਕਿ ਲੋਕਾਂ ਨੂੰ ਨਸ਼ੇ ਦਾ ਸੇਵਨ ਨਾ ਕਰਨ ਅਤੇ ਆਪਣਾ ਇਲਾਜ਼ ਕਰਵਾ ਕੇ ਵਧੀਆ ਨਾਗਰਿਕ ਵਜੋਂ ਸਮਾਜ ਵਿੱਚ ਵਿਚਰਨ ਲਈ ਪ੍ਰੇਰਣਾ ਦੇਣ ਵਾਲੇ ਕਰੀਬ 12000 ਤੋਂ ਵੱਧ ਸਮਾਜ ਸੇਵੀ ਡੈਪੋ ਵਲੰਟੀਅਰ ਵੀ ਇਸ ਕੰਮ ਵਿੱਚ ਆਪਣਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਨਸ਼ਾ ਛੁਡਾਊ ਅਫਸ਼ਰ ਬਿਨ੍ਹਾਂ ਕਿਸੇ ਭੇਦਭਾਵ ਅਤੇ ਜਾਤ-ਪਾਤ ਦੇ ਆਪਣੀ ਡਿਊਟੀ ਨਿਭਾਉਣਗੇ।






















