

ਮਾਨਸਾ, 13 ਜੁਲਾਈ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਵਿੱਢੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕਤ ਕਰਨ ਲਈ ਕੈਂਪ ਲਗਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਸਮਾਜ ਵਿੱਚ ਸਨਮਾਨ ਨਹੀਂ ਮਿਲਦਾ।
ਪਿੰਡ ਬਰ੍ਹੇ, ਪਿਪਲੀਆਂ, ਟਾਹਲੀਆਂ, ਜ਼ੋਈਆਂ, ਮੱਲ ਸਿੰਘ ਵਾਲਾ ਅਤੇ ਕਾਸਮਪੁਰ ਛੀਨਾਂ ਪਿੰਡਾਂ ਵਿੱਚ ਲਗਾਏ ਜਾਗਰੂਕਤਾ ਕੈਂਪਾਂ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘਰ ਵਿੱਚ ਭਾਵੇਂ ਇੱਕ ਵਿਅਕਤੀ ਹੀ ਨਸ਼ਾ ਕਰਦਾ ਹੋਵੇ ਪਰ ਉਸ ਦੀ ਇਸ ਹਰਕਤ ਨਾਲ ਪੂਰਾ ਪਰਿਵਾਰ ਹੀ ਪ੍ਰੇਸ਼ਾਨੀ ਵਿੱਚ ਰਹਿੰਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਤਿਆਗ ਕਰਕੇ ਇੱਕ ਤੰਦਰੁਸਤ ਜੀਵਨ ਜਿਉਣਾ ਹੀ ਅਸਲ ਜ਼ਿੰਦਗੀ ਹੈ ਅਤੇ ਨਸ਼ਿਆਂ ਨਾਲ ਪਿਆਰ ਕਰਨਾ ਮੌਤ ਨੂੰ ਸੱਦਾ ਦੇਣ ਬਰਾਬਰ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਪਲੀਆਂ ਪਿੰਡ ਵਿੱਚ ਕਿਸੇ ਵੀ ਵਿਅਕਤੀ ਵੱਲੋਂ ਨਸ਼ਾ ਨਹੀਂ ਕੀਤਾ ਜਾਂਦਾ ਅਤੇ ਇਹ ਪਿੰਡ ਇੱਕ ਪ੍ਰੇਰਣਾ ਸਰੋਤ ਪਿੰਡ ਵਜੋਂ ਉਭਰਿਆ ਹੈ। ਪਿੰਡ ਵਾਸੀਆਂ ਨੇ ਹੋਰ ਦੱਸਿਆ ਕਿ ਇਸ ਪਿੰਡ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਕੋਈ ਵੀ ਲੜਾਈ-ਝਗੜੇ ਸਬੰਧੀ ਕੇਸ ਥਾਣੇ ਵਿੱਚ ਨਹੀਂ ਆਇਆ। ਡਿਪਟੀ ਕਮਿਸ਼ਨਰ ਨੇ ਪਿੰਡ ਦੀ ਸ਼ਲਾਘਾ ਕਰਦਿਆਂ ਐਲਾਨ ਕੀਤਾ ਕਿ ਆਉਣ ਵਾਲੀ 15 ਅਗਸਤ ਨੂੰ ਸੁਤੰਤਰਤਾ ਦਿਹਾੜੇ ਮੌਕੇ ਇਸ ਪਿੰਡ ਦੀ ਪੰਚਾਇਤ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 

ਇਸ ਮੌਕੇ ਬੋਲਦਿਆਂ ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਨਸ਼ਾ ਵੇਚਣ ਵਾਲੇ ਅਤੇ ਨਿੱਜੀ ਲਾਲਚ ਕਾਰਨ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚ ਸੁੱਟਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਆ, ਤਾਂ ਜੋ ਉਹ ਖੇਡਾਂ ਵੱਲ ਆਪਣੀ ਦਿਲਚਸਪੀ ਵਧਾ ਕੇ ਆਪਣੇ ਸੂਬੇ ਦਾ ਨਾਮ ਰੋਸ਼ਣ ਕਰਨ।
EDITED BY : SARA YAHA | | Last Updated : 8:15 pm 13 JULY 2018






















