

ਬੁਢਲਾਡਾ- 28 ਅਗੱਸਤ-(ਸਾਰਾ ਯਹਾਂ/ਮੇਹਤਾ ਅਮਨ) – ਅੱਜ ਨਗਰ ਸੁਧਾਰ ਸਭਾ ਬੁਢਲਾਡਾ ਨੇ ਨਗਰ ਕੌਂਸਲ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਹਿਰ ਦੇ ਮੁੱਖ ਬਜ਼ਾਰ ਗੋਲ ਚੱਕਰ ਮਾਰਕੀਟ ਅਤੇ ਅਨਾਜ ਮੰਡੀ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਫੌਰੀ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ।
ਅੱਜ ਨਗਰ ਸੁਧਾਰ ਸਭਾ ਬੁਢਲਾਡਾ ਦੇ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਸਤਪਾਲ ਸਿੰਘ ਕਟੌਦੀਆ ਅਤੇ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਤਿੰਨ ਦਿਨਾਂ ਤੋਂ ਸ਼ਹਿਰ ਦੇ ਮੁੱਖ ਬਜ਼ਾਰ ਵਿੱਚ ਪਾਣੀ ਭਰਿਆ ਪਿਆ ਹੈ ਅਤੇ ਕਈ ਥਾਂਵਾਂ ‘ਤੇ ਤਿੰਨ ਤਿੰਨ – ਚਾਰ ਚਾਰ ਫੁੱਟ ਪਾਣੀ ਖੜ੍ਹਾ ਹੈ। ਪਰ ਹਾਲਾਂ ਤੱਕ ਨਗਰ ਕੌਂਸਲ ਬੁਢਲਾਡਾ ਅਤੇ ਪ੍ਰਸ਼ਾਸਨ ਨੇ ਪਾਣੀ ਦੀ ਨਿਕਾਸੀ ਲਈ ਕੋਈ ਯਤਨ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਅਨੇਕਾਂ ਦੁਕਾਨਾਂ ਵਿੱਚ ਪਾਣੀ ਦਾਖ਼ਲ ਹੋ ਚੁੱਕਾ ਹੈ ਅਤੇ ਦੁਕਾਨਦਾਰਾਂ ਦਾ ਕਾਫੀ ਆਰਥਿਕ ਨੁਕਸਾਨ ਹੋਇਆ ਹੈ। ਆਗੂਆਂ ਨੇ ਕਿਹਾ ਕਿ ਦੁਕਾਨਦਾਰਾਂ, ਵਪਾਰੀਆਂ, ਕਾਰੋਬਾਰੀ ਲੋਕਾਂ ਸਮੇਤ ਆਮ ਜਨਤਾ ਨੂੰ ਕਾਫੀ ਮੁਸ਼ਕਲ ਆ ਰਹੀ ਹੈ। ਪ੍ਰਸ਼ਾਸਨ, ਸਰਕਾਰ ਅਤੇ ਨਗਰ ਕੌਂਸਲ ਬੁਢਲਾਡਾ ਘੂਕ ਸੁੱਤੀ ਪਈ ਹੈ।
ਉਨ੍ਹਾਂ ਦੱਸਿਆ ਕਿ ਬਾਰਸ਼ ਦੇ ਪਾਣੀ ਵਿੱਚੋਂ ਬਦਬੂ ਆਉਣ ਲੱਗ ਪਈ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ਹਿਰ ਦੇ ਦੁਕਾਨਦਾਰਾਂ ਕਾਰੋਬਾਰੀਆਂ ਦਾ ਕਈ ਦਿਨਾਂ ਤੋਂ ਕੰਮਕਾਰ ਬੰਦ ਪਿਆ ਹੈ। ਗਾਹਕ ਦੁਕਾਨਾਂ ਵਿੱਚ ਨਹੀਂ ਆ ਰਹੇ।
ਇਸ ਮੌਕੇ ਆਗੂਆਂ ਨੇ ਜੁੜੇ ਦੁਕਾਨਦਾਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਭਵਿੱਖ ਦੇ ਸਮੇਂ ਵਿੱਚ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ‘ਤੇ ਰਾਜਿੰਦਰ ਸਿੰਘ , ਰਮੇਸ਼ ਕੁਮਾਰ ਗੋਇਲ ਹਰਦਿਆਲ ਸਿੰਘ ਦਾਤੇਵਾਸ , ਜੱਸੀ ਪ੍ਰਧਾਨ ਸਵਰਨਕਾਰ ਸੰਘ , ਜਰਨੈਲ ਸਿੰਘ ਮਿਸਤਰੀ , ਗਗਨ ਦਾਸ ਵੈਰਾਗੀ ਅਤੇ ਵੱਡੀ ਗਿਣਤੀ ਵਿੱਚ ਦੁਕਾਨਦਾਰ , ਵਪਾਰੀ , ਕਾਰੋਬਾਰੀ ਆਦਿ ਮੌਜੂਦ ਸਨ























