

ਮਾਨਸਾ, 31 ਅਕਤੂਬਰ: (ਸਾਰਾ ਯਹਾਂ/ਮੁੱਖ ਸੰਪਾਦਕ)
ਨਗਰ ਪੰਚਾਇਤ ਭੀਖੀ ਦੀ ਜ਼ਮੀਨ ‘ਤੇ ਕੀਤੇ ਨਾਜਾਇਜ਼ ਕਬਜੇ ‘ਤੇ ਕਾਰਵਾਈ ਕਰਦਿਆਂ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਮਦਦ ਨਾਲ ਕਬਜ਼ਾ ਛੁਡਵਾਇਆ ਗਿਆ ਅਤੇ ਇਸ ਜਗ੍ਹਾ ‘ਤੇ ਕੀਤੀ ਨਾਜਾਇਜ਼ ਉਸਾਰੀ ਨੂੰ ਢਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਨਸਾ ਸ੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਕਿਸੇ ਵੀ ਨਸ਼ਾ ਤਸਕਰ ਵੱਲੋਂ ਨਗਰ ਕੌਂਸਲ, ਨਗਰ ਪੰਚਾਇਤ ਜਾਂ ਗਰਾਮ ਪੰਚਾਇਤ ਦੀ ਜ਼ਮੀਨ ‘ਤੇ ਕਬਜਾ ਕੀਤਾ ਹੁੰਦਾ ਹੈ ਤਾਂ ਉਸ ‘ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਪੰਮੀ ਨਾਮਕ ਵਿਅਕਤੀ ਜੋ ਕਿ ਐਨ.ਡੀ.ਪੀ.ਐਸ. ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹੈ, ਉਸ ਵੱਲੋਂ ਨਗਰ ਪੰਚਾਇਤ ਭੀਖੀ ਅਧੀਨ ਇਕ ਛੱਪੜ ਦੀ ਜਗ੍ਹਾ ‘ਤੇ ਨਜਾਇਜ਼ ਕਬਜਾ ਕਰਕੇ ਘਰ ਬਣਾਇਆ ਹੋਇਆ ਸੀ, ਜਿਸ ਨੂੰ ਨਗਰ ਪੰਚਾਇਤ ਵੱਲੋਂ ਕਬਜਾ ਛੱਡਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਪ੍ਰੰਤੂ ਉਸ ਵੱਲੋਂ ਕਬਜਾ ਨਹੀਂ ਛੱਡਿਆ ਗਿਆ। ਇਸ ਉਪਰੰਤ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਪੁਲਿਸ ਦੀ ਮਦਦ ਨਾਲ ਇਸ ਨਾਜਾਇਜ਼ ਕਬਜ਼ੇ ਨੂੰ ਛੁਡਾਉਂਦਿਆਂ ਇਸ ਜਗ੍ਹਾ ‘ਤੇ ਕੀਤੀ ਗਈ ਉਸਾਰੀ ਨੂੰ ਢਾਅ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਤਹਿਤ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਐਸ.ਪੀ. ਮਨਮੋਹਨ ਸਿੰਘ ਔਲਖ, ਡੀ.ਐਸ.ਪੀ ਪ੍ਰਿਤਪਾਲ ਸਿੰਘ ਤੋਂ ਇਲਾਵਾ ਨਗਰ ਪੰਚਾਇਤ ਭੀਖੀ ਦੇ ਅਧਿਕਾਰੀ ਮੌਜੂਦ ਸਨ।























