

ਮਾਨਸਾ, 10 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਨਗਰ ਕੌਂਸਲ ਮਾਨਸਾ ਵੱਲੋਂ ਅੱਜ ਸੰਤ ਹਰਚੰਦ ਸਿੰਘ ਲੋਗੌਂਵਾਲ ਲਾਇਬਰੇਰੀ, ਗੁਰਦੁਆਰਾ ਚੌਂਕ, ਮਾਨਸਾ ਵਿਖੇ ਇਕ ਵਾਰ ਹੀ ਵਰਤੇ ਜਾਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੇ ਮਨੋਰਥ ਨਾਲ ਸ਼ਹਿਰ ਦੇ ਪੈਲੇਸ ਐਸੋਸ਼ੀਏਸ਼ਨ, ਹਲਵਾਈ ਯੂਨੀਅਨ ਅਤੇ ਕੈਟਰਿੰਗ ਵਾਲਿਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਨਗਰ ਕੌਂਸਲ, ਮਾਨਸਾ ਦੇ ਸੈਨੇਟਰੀ ਇੰਸਪੈਕਟਰ ਸ਼੍ਰੀ ਬਲਜਿੰਦਰ ਸਿੰਘ ਅਤੇ ਸੀ.ਐਫ. ਸ਼੍ਰੀ ਜਸਵਿੰਦਰ ਸਿੰਘ ਵੱਲੋਂ ਮੀਟਿੰਗ ਵਿੱਚ ਹਾਜ਼ਿਰ ਹੋਏ ਨੁਮਾਇੰਦਿਆਂ ਨੂੰ ਪਲਾਸਟਿਕ ਦੀ ਵਰਤੋਂ ਦੇ ਨੁਕਸਾਨ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਪਲਾਸਟਿਕ ਬਦਲ ਵੱਜੋਂ ਸਟੀਲ ਅਤੇ ਕਰੋਕਰੀ ਦੀ ਵਰਤੋਂ ਨੂੰ ਤਰਹੀਜ਼ ਦੇਣ ਲਈ ਸੇਧ ਦਿੱਤੀ ਗਈ। ਇਸ ਨਾਲ ਹੋਣ ਵਾਲੇ ਫਾਇਦੇ ਜਿਵੇਂ ਕਿ ਸ਼ਹਿਰ ਵਿੱਚ ਕੂੜੇ ਦੀ ਮਾਤਰਾ ਨੂੰ ਘੱਟ ਕਰਨਾ ਅਤੇ ਪਲਾਸਟਿਕ ਦੇ ਬਰਤਨਾ ਅਤੇ ਲਿਫਾਫਿਆਂ ਦੀ ਵਰਤੋਂ ਨਾਲ ਹੋਣ ਵਾਲੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਪੈਲੇਸ ਐਸੋਸ਼ੀਏਸ਼ਨ ਦੇ ਸ੍ਰੀ ਗੁਰਪ੍ਰੀਤ ਸਿੰਘ ਸਿੱਧੂ ਵੱਲੋਂ ਪਲਾਸਟਿਕ ਦੀ ਵਰਤੋਂ ਮੁਕੰਮਲ ਰੂਪ ਵਿੱਚ ਬੰਦ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਉਨ੍ਹਾ ਨੇ ਹਲਵਾਈ ਯੂਨੀਅਨ ਅਤੇ ਕੇਟਰਿੰਗ ਵਾਲਿਆਂ ਨੂੰ ਪਲਾਸਟਿਕ ਦੀਆਂ ਆਇਟਮਾਂ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨ ਲਈ ਅਪੀਲ ਕੀਤੀ। ਮੀਟਿੰਗ ਵਿੱਚ ਸਾਰੇ ਹੀ ਹਾਜ਼ਰੀਨ ਵਿਅਕਤੀਆਂ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਪ੍ਰਣ ਕੀਤਾ।























