

ਨਵੀਂ ਦਿੱਲੀ— ਦਿੱਲੀ ਵਾਸੀਆਂ ਨੂੰ ਜ਼ਹਿਰੀਲੀ ਹਵਾ ਤੋਂ ਰਾਹਤ ਨਹੀਂ ਮਿਲ ਰਹੀ ਹੈ। ਦੀਵਾਲੀ ਤੋਂ ਪਹਿਲਾਂ ਹੀ ਜਾਨਲੇਵਾ ਧੁੰਦ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦਿੱਲੀ-ਐੱਨ. ਸੀ. ਆਰ ਦੇ ਇਲਾਕੇ ਵਿਚ ਹਵਾ ਦੀ ਗੁਣਵੱਤਾ ‘ਚ ਜ਼ਰਾ ਜਿੰਨਾ ਵੀ ਸੁਧਾਰ ਨਹੀਂ ਹੋਇਆ ਹੈ। ਸੋਮਵਾਰ ਨੂੰ ਹਵਾ ਪ੍ਰਦੂਸ਼ਣ ਦਾ ਪੱਧਰ ਹੇਠਾਂ ਡਿੱਗ ਕੇ ‘ਬੇਹੱਦ ਖਰਾਬ’ ਸ਼੍ਰੇਣੀ ਵਿਚ ਪਹੁੰਚ ਗਿਆ ਹੈ। ਹਵਾ ਦੀ ਗੁਣਵੱਤਾ (ਏਅਰ ਕੁਆਲਿਟੀ ਲੈਵਲ) 418 ਦਰਜ ਕੀਤੀ ਗਈ। ਦੀਵਾਲੀ ਤੋਂ ਦੋ ਦਿਨ ਪਹਿਲਾਂ ਹੀ ਰਾਜਧਾਨੀ ਵਿਚ ਧੁੰਦ ਦੀ ਚਾਦਰ ਵਿਛ ਗਈ ਹੈ। ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਵਾ ਦੀ ਗੁਣਵੱਤਾ ਹੋਰ ਵੀ ਵਿਗੜ ਸਕਦੀ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਦਿੱਲੀ ਵਾਸੀਆਂ ਲਈ ਐਤਵਾਰ ਦਾ ਦਿਨ ਪਿਛਲੇ ਤਿੰਨ ਹਫਤਿਆਂ ਵਿਚ ਸਭ ਤੋਂ ਸਾਫ ਸੀ। ਅੰਕੜਿਆਂ ਮੁਤਾਬਕ ਪੀਐੱਮ 2.5 ਅਤੇ ਪੀਐੱਮ 10 ਯਾਨੀ ਕਿ 361 ਅਤੇ 500 ਦੀ ਬੇਹੱਦ ਖਰਾਬ ਅਤੇ ਐਮਰਜੈਂਸੀ ਸਥਿਤੀ ਵਿਚ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਹਵਾ ਦੀ ਗੁਣਵੱਤਾ 0 ਤੋਂ 50 ਤਕ ਹੋਣ ‘ਤੇ ਹਵਾ ਨੂੰ ‘ਚੰਗਾ’, 51 ਤੋਂ 100 ਹੋਣ ‘ਤੇ ‘ਤਸੱਲੀਬਖਸ਼’, 101 ਤੋਂ 200 ਵਿਚਾਲੇ ‘ਆਮ’, 201 ਤੋਂ 300 ਤੋਂ ‘ਖਰਾਬ’, 301 ਤੋਂ 400 ਤੱਕ ‘ਬਹੁਤ ਖਰਾਬ’ ਅਤੇ 401 ਤੋਂ 500 ਦਰਮਿਆਨ ਨੂੰ ‘ਗੰਭੀਰ’ ਸ਼੍ਰੇਣੀ ‘ਚ ਰੱਖਿਆ ਜਾਂਦਾ ਹੈ।

ਮੌਸਮ ਸਬੰਧੀ ਕਾਰਨਾਂ ਅਤੇ ਦਿੱਲੀ ਵਿਚ ਅਧਿਕਾਰੀਆਂ ਵਲੋਂ ਚੁੱਕੇ ਗਏ ਕਦਮਾਂ ਤੋਂ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਹੋਣ ਦੇ ਇਕ ਦਿਨ ਹੀ ਬਾਅਦ ਦਿੱਲੀ ਦੀ ਆਬੋ-ਹਵਾ ਸਾਹ ਘੁੱਟਣ ਵਾਲੀ ਹੋ ਗਈ ਹੈ। ਖੋਦਾਈ ਸਮੇਤ ਸਾਰੇ ਨਿਰਮਾਣ ਕੰਮਾਂ ‘ਤੇ ਰੋਕ ਲਾ ਦਿੱਤੀ ਗਈ ਹੈ। ਓਧਰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਟਰਾਂਸਪੋਰਟ ਵਿਭਾਗ ਅਤੇ ਆਵਾਜਾਈ ਪੁਲਸ ਨੂੰ ਵਾਹਨਾਂ ਦੀ ਪ੍ਰਦੂਸ਼ਣ ਜਾਂਚ ਨੂੰ ਤੇਜ਼ ਕਰਨ ਅਤੇ 1 ਤੋਂ 10 ਨਵੰਬਰ ਦੌਰਾਨ ਖੇਤਰ ਵਿਚ ਆਵਾਜਾਈ ਦੀ ਭੀੜ ਨੂੰ ਕੰਟਰੋਲ ਕਰਨ ਦੇ ਨਿਰਦੇਸ਼ ਦਿੱਤੇ ਹਨ। 1 ਤੋਂ 10 ਨਵੰਬਰ ਤਕ ‘ਸਵੱਛ ਹਵਾ ਮੁਹਿੰਮ’ ਵੀ ਸ਼ੁਰੂ ਕੀਤੀ ਗਈ ਹੈ, ਤਾਂ ਕਿ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਇਸ ਮੁਹਿੰਮ ਤਹਿਤ ਪ੍ਰਦੂਸ਼ਣ ਨਾਲ ਜੁੜੇ ਨਿਯਮਾਂ ਦਾ ਉਲੰਘਣ ਕਰਨ ‘ਤੇ ਲੋਕਾਂ ‘ਤੇ ਪਿਛਲੇ 3 ਦਿਨਾਂ ਵਿਚ ਇਕ ਕਰੋੜ ਤਕ ਦਾ ਜੁਰਮਾਨਾ ਲਾਇਆ ਜਾ ਚੁੱਕਾ ਹੈ।
EDITED BY : SARA YAHA | | Last Updated : 7:23 pm 5 ਨਵੰਬਰ 2018
























