

ਫਾਜ਼ਿਲਕਾ – ਪਰਾਲੀ ਦੇ ਮੁੱਦੇ ਨੂੰ ਲੈ ਕੇ ਹਮੇਸ਼ਾ ਕਿਸਾਨ ਤੇ ਸਰਕਾਰ ਇਕ ਦੂਜੇ ਦੇ ਆਹਮੋ-ਸਾਹਮਣੇ ਨਜ਼ਰ ਆਉਂਦੇ ਰਹਿੰਦੇ ਹਨ। ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰ ਰਹੀ ਹੈ ਅਤੇ ਦੂਜੇ ਪਾਸੇ ਕਿਸਾਨ ਪਰਾਲੀ ਸਾਂਭਣ ਦੇ ਕੋਈ ਪੁਖਤਾ ਪ੍ਰਬੰਧ ਨਾ ਹੋਣ ਦਾ ਹਵਾਲਾ ਦੇ ਕੇ ਪਰਾਲੀ ਸਾੜਨ ਨੂੰ ਆਪਣੀ ਮਜਬੂਰੀ ਦੱਸ ਰਹੇ ਹਨ। ਕਿਸਾਨਾਂ ਦੀ ਇਸ ਸਮੱਸਿਆ ਦਾ ‘ਦਾ ਡਿਵੈਲਪਮੈਂਟ ਇੰਜੀਨੀਅਰਸ’ ਨਾਂ ਦੀ ਫੈਕਟਰੀ, ਜੋ ਅਬੋਹਰ ਤੋਂ 25 ਕਿਲੋਮੀਟਰ ਦੂਰ ਸਥਿਤ ਹੈ, ਨੇ ਇਕ ਅਨੋਖਾ ਤੇ ਸਹਿਜ ਹੱਲ ਕੱਢਿਆ ਹੈ।

ਇਸ ਫੈਕਟਰੀ ‘ਚ ਕਿਸਾਨਾਂ ਕੋਲੋਂ ਪਰਾਲੀ ਖਰੀਦ ਕੇ ਉਸ ਦਾ ਇਸਤੇਮਾਲ ਬਿਜਲੀ ਬਣਾਉਣ ਲਈ ਕੀਤਾ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਲਾਭ ਤਾਂ ਮਿਲਦਾ ਹੀ ਹੈ, ਨਾਲ ਹੀ ਵਾਤਾਵਰਣ ਵੀ ਪ੍ਰਦੂਸ਼ਣ ਮੁਕਤ ਹੋ ਜਾਂਦਾ ਹੈ।ਫੈਕਟਰੀ ਦੇ ਮੈਨੇਜਰ ਡਾ.ਰਤਨ ਗੋਇਲ ਨੇ ਦੱਸਿਆ ਕਿ ਬੀਤੇ 5 ਸਾਲ ਤੋਂ ਉਨ੍ਹਾਂ ਦੀ ਫੈਕਟਰੀ ਕਰੀਬ 30 ਪਿੰਡਾਂ ਦੇ 5 ਹਜ਼ਾਰ ਕਿਸਾਨਾਂ ਦੀ ਪਰਾਲੀ ਖਰੀਦ ਕੇ ਬਿਜਲੀ ਉਤਪਾਦ ਕਰ ਰਹੀ ਹੈ। ਇਸ ਫੈਕਟਰੀ ਜ਼ਰੀਏ ਜਿਥੇ ਕਿਸਾਨ ਨੂੰ ਆਰਥਿਕ ਮੁਨਾਫਾ ਮਿਲ ਰਿਹਾ ਹੈ ਉਥੇ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਪਲਾਂਟ ‘ਚ ਰੁਜ਼ਗਾਰ ਵੀ ਮਿਲਿਆ ਹੈ। ਜ਼ਿਕਰਯੋਗ ਹੈ ਕਿ ਇਸ ਫੈਕਟਰੀ ‘ਚ ਹਰ ਸਾਲ 80 ਹਜ਼ਾਰ ਟਨ ਪਰਾਲੀ ਬਿਜਲੀ ਉਤਪਾਦਨ ਲਈ ਖਰੀਦੀ ਜਾਂਦੀ ਹੈ ਤੇ ਕਿਸਾਨਾਂ ਨੂੰ 127 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈਸਾ ਦਿੱਤਾ ਜਾਂਦਾ ਹੈ। ਪਰਾਲੀ ਰਾਹੀਂ 6 ਕਰੋੜ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ, ਜਿਸ ਨਾਲ ਬਿਜਲੀ ਬੋਰਡ ਨੂੰ 6.50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਬੋਰਡ ਨੂੰ ਵੇਚਿਆ ਜਾਂਦਾ ਹੈ।
EDITED BY : SARA YAHA | | Last Updated : 7:25 pm 15 October 2018























