*ਦਫ਼ਤਰੀ ਬਾਬੂਆਂ ਵੱਲੋਂ 01 ਜੂਨ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਉਲੀਕੀ ਜਾਵੇਗੀ ਸੰਘਰਸ਼ ਦੀ ਰੂਪ ਰੇਖਾ*

0
26

ਮਾਨਸਾ, 29 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਦੀ ਅਗਵਾਈ ਵਿੱਚ ਪੀ.ਅੱਸ.ਐੱਮ.ਐੱਸ.ਯੂ. ਦੀ ਸੂਬਾਈ ਕਾਰਜਕਾਰਨੀ ਨਾਲ ਵੀਡੀਉ ਕਾਨਫ਼ਰੰਸ ਰਾਹੀਂ ਅਹਿਮ ਮੀਟਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਮੀਤ ਪ੍ਰਧਾਨ ਜਸਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਏਜੰਡਾ ਮਨਿਸੀਟੀਰੀਅਲ ਯੂਨੀਅਨ ਨਾਲ ਸਰਕਾਰ ਪੱਧਰ ਦੀਆਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਾਰਨ ਮੁਲਾਜਮਾਂ ਅੰਦਰ ਪਾਏ ਜਾ ਰਹੇ ਰੋਸ ਨੂੰ ਮੁੱਖ ਰੱਖਦੇ ਹੋਏ ਸਮੂਹ ਵਿਭਾਗਾਂ ਦੇ ਸੂਬਾਈ ਆਗੂਆਂ ਨਾਲ ਵੀਡਿਓ ਕਾਨਫਰੰਸ ਕਾਲ ਰਾਹੀਂ ਮੀਟਿੰਗ ਕੀਤੀ ਗਈ। ਸੂਬਾਈ ਆਗੂਆਂ ਵੱਲੋਂ ਕਿਹਾ ਗਿਆ ਕਿ ਕਿ ਅਗਰ ਪੰਜਾਬ ਸਰਕਾਰ ਨੇ ਜਥੇਬੰਦੀ ਨਾਲ ਜਲਦ ਮੀਟਿੰਗ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨਾ, ਮਹਿੰਗਾਈ ਭੱਤੇ ਦੀਆਂ ਰੁਕੀਆਂ ਕਿਸ਼ਤਾਂ ਸਮੇਤ ਏਰੀਅਰ ਇਕਮੁਸ਼ਤ ਰਲੀਜ ਕਰਨਾ, 15.01.2015 ਦਾ ਨੋਟੀਫ਼ਿਕੇਸ਼ਨ ਰੱਦ ਕਰਨਾ, ਨਵੀਂ ਭਰਤੀ ਕੇਂਦਰੀ ਸਕੇਲਾਂ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲਾਂ ਤੇ ਕਰਨਾ ਆਦਿ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ ਤਾਂ ਲੁਧਿਆਣਾ ਵਿਖੇ ਹੋਣ ਜਾ ਰਹੀ ਜਿਮਨੀ ਚੋਣ ਦੌਰਾਨ ਸੂਬੇ ਭਰ ਦਾ ਮੁਲਾਜਮ ਸੰਘਰਸ਼ ਦਾ ਬਿਗੁਲ ਵਜਾਉਣ ਲਈ ਮਜਬੂਰ ਹੋਣਗੇ।
ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਜਥੇਬੰਦੀ ਵੱਲੋਂ ਆਪਣਾ ਮੰਗ ਪੱਤਰ ਸਰਕਾਰ ਦੇ ਨਾਮ ਭੇਜ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਜਥੇਬੰਦੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਸਾਡੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਸੁਣਿਆ ਜਾਵੇ ਅਤੇ ਮੁਲਾਜਮਾਂ ਦੀਆਂ ਜਾਇਜ ਮੰਗਾਂ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਮੁਲਾਜਮ ਆਪਣੀ ਡਿਊਟੀ ਛੱਡਕੇ ਸੜ੍ਹਕਾਂ ਤੇ ਉੱਤਰਣ ਲਈ ਮਜਬੂਰ ਹੋ ਜਾਣਗੇ। ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਨੇ ਕਿਹਾ ਕਿ ਸਮੂਹ ਸੂਬਾਈ ਆਗੂਆਂ ਵੱਲੋਂ ਸੰਘਰਸ਼ ਦਾ ਐਲਾਨ ਜਲਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂ ਜੋ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੁਲਾਜਮਾਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ ਗਈ ਹੈ, ਇਸ ਤੋਂ ਇਲਾਵਾ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਵੀ ਸਮੇਂ ਸਿਰ ਰਲੀਜ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਮੁਲਾਜਮ ਆਰਥਿਕ ਤੌਰ ਤੇ ਭਾਰੀ ਨੁਕਸਾਨ ਹੇਠ ਹਨ, ਉਨ੍ਹਾਂ ਕਿਹਾ ਕਿ ਮੁਲਾਜਮ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ, ਇਸ ਲਈ ਸਰਕਾਰ ਮੁਲਾਜਮ ਮੰਗਾਂ ਬਾਰੇ ਆਪਣਾ ਪੱਖ ਸਾਫ਼ ਕਰੇ ਅਤੇ ਜਥੇਬੰਦੀ ਨੂੰ ਸਮਾਂ ਦੇਕੇ ਜਲਦ ਮੁਲਾਜਮਾਂ ਦੀਆਂ ਲਮਕਦੀਆਂ ਮੰਗਾਂ ਪੂਰੀਆਂ ਕਰੇ। ਸਮੂਹ ਆਗੂਆਂ ਦੇ ਪ੍ਰਾਪਤ ਹੋਏ ਵਿਚਾਰਾਂ ਅਨੁਸਾਰ ਫੈਸਲਾ ਕੀਤਾ ਗਿਆ ਕਿ ਸੰਘਰਸ਼ ਦੀ ਵਿਉਂਤਬੰਦੀ ਕਰਨ ਲਈ ਸਮੂਹ ਵਿਭਾਗਾਂ ਦੇ ਸੂਬਾ ਪ੍ਰਧਾਨ/ ਜਨਰਲ ਸਕੱਤਰ ਅਤੇ ਜਿਲ੍ਹਿਆਂ ਦੇ ਪ੍ਰਧਾਨ/ਜਨਰਲ ਸਕੱਤਰ ਸਾਹਿਬਾਨਾਂ ਤੋਂ ਇਲਾਵਾ ਸਮੂਹ ਸੂਬਾਈ ਆਗੂਆਂ ਨਾਲ ਸੂਬਾ ਪੱਧਰੀ ਮੀਟਿੰਗ ਕਰਕੇ ਤਕੜੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇ। ਇਸ ਲਈ ਜਥੇਬੰਦੀ ਵੱਲੋਂ 01 ਜੂਨ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਸੱਦ ਲਈ ਗਈ ਹੈ। ਜਿਸ ਵਿੱਚ ਸਥਿਤੀ ਨੂੰ ਮੁੱਖ ਰੱਖਦੇ ਹੋਏ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਵੀਡੀਉ ਕਾਨਫਰ਼ੰਸ ਵਿੱਚ ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ, ਸੂਬਾ ਮੁੱਖ ਸਲਾਹਗਾਰ ਤੇਜਿੰਦਰ ਸਿੰਘ ਨੰਗਲ, ਸੂਬਾ ਵਿੱਤ ਸਕੱਤਰ ਅਨੁਜ ਸ਼ਰਮਾ, ਸੂਬਾ ਵਧੀਕ ਜਨਰਲ ਸਕੱਤਰ ਅਮਿਤ ਅਰੋੜ੍ਹਾ, ਸੂਬਾ ਪ੍ਰੈੱਸ ਸਕੱਤਰ ਰਾਜਵੀਰ ਸ਼ਰਮਾ ਬਡਰੁੱਖਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਵਿਰਕ, ਸੰਜੀਵ ਭਾਰਗਵ, ਪਿੱਪਲ ਸਿੰਘ ਸਿੱਧੂ ਸੰਗਤ ਰਾਮ ਅਤੇ ਖੁਸ਼ਕਰਨਜੀਤ ਸਿੰਘ ਤੋਂ ਇਲਾਵਾ  ਜਗਦੀਸ਼ ਠਾਕੁਰ ਸੂਬਾ ਮੁੱਖ ਜਥੇਬੰਦਕ ਸਕੱਤਰ ਅਤੇ ਮਨਜਿੰਦਰ ਸਿੰਘ ਸੰਧੂ ਸੂਬਾ ਮੁੱਖ ਬੁਲਾਰਾ ਆਦਿ ਸ਼ਾਮਿਲ ਰਹੇ।

LEAVE A REPLY

Please enter your comment!
Please enter your name here