


ਮਾਨਸਾ 18 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਮਾਨਸਾ ਕਮ ਚੈਅਰਮੈਨ ਕੋਟਪਾ ਐਕਟ ਸ੍ਰੀਮਤੀ ਨਵਜੋਤ ਕੌਰ ਆਈ.ਏ.ਐੱਸ. ਦੇ ਹੁਕਮਾਂ ਅਤੇ ਵਾਇਸ ਚੇਅਰਮੈਨ ਕਮ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾਂ ਕਰਨ ਵਾਲੇ ਦੁਕਾਨਦਾਰਾਂ/ਖੋਖਿਆਂ ਅਤੇ ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਚਲਾਣ ਕੱਟ ਕੇ ਜੁਰਮਾਨਾ ਕੀਤਾ ਗਿਆ।
ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਐਕਟ-2003, ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਟੀਮ ਵੱਲੋਂ ਸ਼ਹਿਰੀ ਖੇਤਰ ਦੇ ਜਨਤਕ ਸਥਾਨਾਂ/ਸਕੂਲਾਂ ਦੇ ਨੇੜੇ ਜਾ ਕੇ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ ਅਤੇ ਜਨਤਕ ਥਾਂਵਾ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮਨਾਹੀ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਖੁੱਲੀਆਂ ਸਿਗਰਟਾਂ ਦੀ ਵਿਕਰੀ ਕਰਨ, ਦੁਕਾਨਾਂ ‘ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਵਾਲੇ ਸਾਈਨ ਬੋਰਡ ਨਾ ਲਗਾਉਣ ਤਹਿਤ ਕਾਰਵਾਈ ਕੀਤੀ ਗਈ ਹੈ। ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਵਾਂ ‘ਤੇ ਤੰਬਾਕੂ ਦਾ ਸੇਵਨ ਕਰ ਰਹੇ 7 ਵਿਅਕਤੀਆਂ ਦੇ ਚਲਾਣ ਕੱਟ ਕੇ ਨਗਦ ਜੁਰਮਾਨਾ ਵਸੂਲ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਕਰ ਰਹੇ ਸਮੂਹ ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਨਿਯਮਾਂ ਦਾ ਪਾਲਣ ਜਰੂਰੀ ਹੈ ਤਾਂ ਜੋ ਕੋਟਪਾ 2003 ਨੂੰ ਲਾਗੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਐਕਟ ਦੀ ਧਾਰਾ 6 ਅਨੁਸਾਰ ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਵਿਚ ਤੰਬਾਕੂ ਪਦਾਰਥਾਂ ਦੀ ਵਿਕਰੀ ‘ਤੇ ਮਨਾਹੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾ ਉਸ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਆਉਂਦੇ ਸਮੇਂ ਵਿਚ ਵੀ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਤੰਬਾਕੂ ਉਤਪਾਦਾਂ ਦੀ ਵਿਕਰੀ ਕਰ ਰਹੀਆਂ ਦੁਕਾਨਾਂ, ਖੋਖਿਆਂ, ਢਾਬੇ, ਹੋਟਲ, ਰੈਸਟੋਰੈਂਟ ਆਦਿ ਦੀ ਤੰਬਾਕੂ ਐਕਟ ਤਹਿਤ ਚੈਕਿੰਗ ਜਾਰੀ ਰਹੇਗੀ ਅਤੇ ਕਿਤੇ ਵੀ ਐਕਟ ਦੀ ਉਲੰਘਣਾ ਹੋਣ ‘ਤੇ ਜ਼ੁਰਮਾਨਾ ਕੀਤਾ ਜਾਵੇਗਾ।
ਇਸ ਮੌਕੇ ਤੰਬਾਕੂ ਸੇਵਨ ਨਾਲ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।






















