

ਬੁਢਲਾਡਾ (ਸਾਰਾ ਯਹਾਂ/ਮੇਹਤਾ ਅਮਨ) : ਬੀਤੀ ਰਾਤ ਬਰੇਟਾ ਬੁਢਲਾਡਾ ਮੁੱਖ ਮਾਰਗ ਤੇ ਸਥਿਤ ਪਿੰਡ ਦਾਤੇਵਾਸ ਵਿਖੇ ਤੇਜ ਰਫਤਾਰ ਕਾਰ ਵੱਲੋਂ ਮੋਟਰ ਸਾਈਕਲ ਨੂੰ ਟੱਕਰ ਮਾਰਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਫੁੱਲੂਵਾਲਾ ਡੋਡ ਦੇ ਸਰਪੰਚ ਮਨਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਜੋ ਕਿ ਦਾਤੇਵਾਸ ਵਿਖੇ ਆਪਣੇ ਰਿਸ਼ਤੇਦਾਰ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਤੇਜ ਰਫਤਾਰ ਆਈ.ਟਵੰਟੀ ਕਾਰ ਨੇ ਉਸਨੂੰ ਜਬਰਦਸਤ ਟੱਕਰ ਮਾਰ ਦਿੱਤੀ। ਜਿਸ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ। ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਵੱਡੇ ਹਸਪਤਾਲ ਚ ਰੈਫਰ ਕਰ ਦਿੱਤਾ ਜਿਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਤੜਕਸਾਰ ਹੀ ਪਿੰਡ ਵਾਲਿਆਂ ਵੱਲੋਂ ਕਾਰ ਸਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣਾ ਸਦਰ ਦੇ ਬਾਹਰ ਧਰਨੇ ਦੇ ਕੇ ਪੁਲਿਸ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਦੀਪ ਸਿੰਘ ਦੇ ਪਿਤਾ ਹਰਪਾਲ ਸਿੰਘ ਦੇ ਬਿਆਨ ਤੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ।























