

ਮਾਨਸਾ 28 ਜੂਨ (ਸਾਰਾ ਯਹਾ,ਬਲਜੀਤ ਸ਼ਰਮਾ) ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਮਾਨਸਾ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਨ ਮਾਨਸਾ ਪਹੁੰਚੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜਿੱਥੇ ਗਿਆਰਾਂ ਵਜੇ ਦਾ ਟਾਈਮ ਦੇ ਕੇ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਮੀਟਿੰਗ ਵਿੱਚ ਸ਼ਾਮਲ ਹੋਏ। ਉਥੇ ਹੀ ਕਮੇਟੀ ਦੇ ਮੈਂਬਰ ਨਾ ਹੋਣ ਵਾਲੇ ਲੋਕਾਂ ਦਾ ਬੋਲਬਾਲਾ ਇਸ ਮੀਟਿੰਗ ਵਿੱਚ ਭਾਰੂ ਰਿਹਾ ਅਤੇ ਕਾਂਗਰਸ ਦੇ ਦੋ ਧੜੇ ਆਪਸ ਵਿੱਚ ਉਲਝਦੇ ਦੇਖੇ ਗਏ। ਅਤੇ ਮੀਟਿੰਗ ਦੀ ਕਾਰਵਾਈ ਮੀਡੀਆ ਤੋ ਦੂਰ ਰੱਖਣ ਲਈ ਪ੍ਰਸ਼ਾਸ਼ਨ ਨੇ ਪੂਰਾ ਜੋਰ ਲਾ ਦਿੱਤਾ।
ਹਰ ਸਾਲ ਆਪਣੀਂ ਕਰੈਕਟਰ ਵੈਰੀਫਿਕੇਸ਼ਨ ਕਰਵਾਉਣ ਵਾਲੇ ਪੱਤਰਕਾਰਾਂ ਨੂੰ ਸ਼ੱਕੀ ਨਜ਼ਰ ਨਾਲ ਦੇਖ ਕੇ ਮੀਟਿੰਗ ਤੋਂ ਦੂਰ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਾਕਤ ਲਗਾ ਦਿੱਤੀ। ਆਖਰਕਾਰ ਪੁਲਿਸ ਪ੍ਰਸ਼ਾਸਨ ਦੇ ਧੱਕੇਸ਼ਾਹੀ ਵਾਲੇ ਤੇ ਸਿਵਲ ਪ੍ਰਸ਼ਾਸਨ ਦੇ ਢੁੱਲਮੁੱਲ ਰੱਵਈਏ ਤੋਂ ਪ੍ਰੇਸ਼ਾਨ ਹੋਏ ਪੱਤਰਕਾਰ ਮੰਤਰੀ ਨਾਲ ਪ੍ਰੈਸ ਮੀਟਿੰਗ ਕੀਤੇ ਬਿਨਾਂ ਹੀ ਵਾਪਸ ਚਲੇ ਗਏ।
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਣ ਦੇ ਕਰੀਬ ਢਾਈ ਸਾਲਾਂ ਬਾਦ ਹੋਈ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਕਰੀਬ ਦੋ ਘੰਟੇ ਦੇਰੀ ਨਾਲ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮਾਨਸਾ ਪਹੁੰਚੇ। ਇਸ ਮੀਟਿੰਗ ਲਈ ਪੰਜਾਬ ਸਰਕਾਰ ਵਲੋਂ ਨਾਮਜਦ ਕੀਤੇ ਸਰਕਾਰੀ ਤੇ ਗੈਰ ਸਰਕਾਰੀ ਕਮੇਟੀ ਮੈਂਬਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਕਾਂਗਰਸੀਆਂ ਦਾ ਇਸ ਮੀਟਿੰਗ ਦੌਰਾਨ ਬੋਲਬਾਲਾ ਰਿਹਾ। ਮੀਟਿੰਗ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਮੈਂਬਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤਾਂ ਹੋਣਾ ਅਜੇ ਬਾਕੀ ਸੀ ਪਰ ਪਹਿਲਾ ਹੀ ਜਿਲਾ ਕਾਂਗਰਸ ਦੇ 2 ਧੜੇ ਮੰਤਰੀ ਸਾਹਮਣੇ ਆਪਸ ਵਿੱਚ ਉਲਝ ਗਏ ਜਿਸ ਕਾਰਨ ਮੀਟਿੰਗ ਵਿੱਚ ਆਏ ਕਮੇਟੀ ਦੇ ਨਾਮਜਦ ਮੈਂਬਰ ਮੰਤਰੀ ਸਾਹਿਬ ਨੂੰ ਇਹ ਕਹਿੰਦੇ ਰਹੇ ਕਿ ਤੁਸੀਂ ਕਮੇਟੀ ਮੈਂਬਰਾਂ ਦੀਆਂ ਸ਼ਿਕਾਇਤਾਂ ਸੁਣ ਲਓ ਕਾਂਗਰਸੀਆਂ ਦੀ ਲੜਾਈ ਦਾ ਨਿਪਟਾਰਾ ਬਾਅਦ ਵਿੱਚ ਕਰ ਲਿਓ। ਅੱਜ ਦੀ ਇਸ ਮੀਟਿੰਗ ਵਿੱਚ ਜਿਥੇ ਕਾਂਗਰਸੀਆਂ ਦੀ ਧੜੇਬੰਦੀ ਖੁੱਲ ਕੇ ਸਾਹਮਣੇ ਆਈ ਉਥੇ ਹੀ ਮੀਟਿੰਗ ਵਿੱਚ ਗੈਰ ਮੈਂਬਰਾਂ ਦਾ ਬੋਲਬਾਲਾ ਦੇਖਣ ਨੂੰ ਮਿਲਿਆ।
ਮੰਤਰੀ ਨਾਲ ਪ੍ਰੈਸ ਮਿਲਣੀ ਲਈ ਪੱਤਰਕਾਰਾਂ ਨੂੰ ਪਹਿਲਾਂ ਸਾਢੇ ਬਾਰਾਂ ਤੇ ਫਿਰ ਇੱਕ ਵਜੇ ਦਾ ਸਮਾਂ ਦਿੱਤਾ ਗਿਆ। ਪਰ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਲੱਗਭਗ ਤਿੰਨ ਵਜੇ ਤੱਕ ਜਾਰੀ ਰਹੀ। ਕਰੀਬ ਡੇਢ ਵਜੇ ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਨੇ ਹਾਜਰ ਪੱਤਰਕਾਰਾਂ ਨੂੰ ਮੀਟਿੰਗ ਹਾਲ ਦੇ ਨੇੜੇ ਤਾਂ ਬੁਲਾ ਲਿਆ ਪਰ ਪੁਲਿਸ ਨੇ ਮੀਟਿੰਗ ਹਾਲ ਵਿੱਚ ਨਹੀਂ ਵੜਨ ਦਿੱਤਾ। ਕੁੱਝ ਹੀ ਮਿੰਟਾਂ ਬਾਅਦ ਉਕਤ ਅਧਿਕਾਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਪਿਛਲੇ ਦਰਵਾਜੇ ਰਾਹੀਂ ਹਾਲ ਵਿੱਚ ਆੳਣ ਦੀ ਆਗਿਆ ਦਿੱਤੀ ਹੈ। ਜਿਸਤੇ ਪੱਤਰਕਾਰ ਜਦੋਂ ਉਕਤ ਦਰਵਾਜ਼ੇ ਤੇ ਪਹੁੰਚੇ ਤਾਂ ਉੱਥੇ ਤੈਨਾਤ ਪੁਲਿਸ ਕਰਮਚਾਰੀ ਨੇ ਪੱਤਰਕਾਰਾਂ ਨੂੰ ਹਾਲ ਅੰਦਰ ਜਾਣ ਤੋਂ ਰੋਕ ਦਿੱਤਾ। ਤਾਂ ਪੱਤਰਕਾਰ ਵਾਪਸ ਡੀਸੀ ਦਫ਼ਤਰ ਚਲੇਂ ਗਏ। ਮਾਮਲਾ ਸਹਾਇਕ ਲੋਕ ਸੰਪਰਕ ਅਫਸਰ ਰਾਹੀਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਤਾਂ ਪੱਤਰਕਾਰਾਂ ਨੂੰ ਕਾਨਫਰੰਸ ਰੂਮ ਵਿੱਚ ਬਿਠਾ ਦਿੱਤਾ ਗਿਆ। ਪਰ ਮੰਤਰੀ ਸਾਹਿਬ ਨਹੀਂ ਆਏ ਤਾਂ ਅਖੀਰ ਨਿਰਾਸ਼ ਹੋ ਕੇ ਪੱਤਰਕਾਰ ੳਥੋਂ ਚਲੇ ਗਏ। ਮੀਟਿੰਗ ਦੀ ਕਵਰੇਜ ਲਈ ਆਏ ਪੱਤਰਕਾਰਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਹਾਲ ਵਿੱਚ ਬੈਠੇ ਕੁਝ ਕ੍ਰਿਮਿਨਲ ਲੋਕਾਂ ਦੀ ਤਾਂ ਆੳ ਭਗਤ ਕਰ ਰਿਹਾ ਸੀ ਪਰ ਸਾਫ ਸੁਥਰੀ ਛਵੀ ਤੇ ਹਰ ਸਾਲ ਕਰੈਕਟਰ ਵੈਰੀਫਿਕੇਸ਼ਨ ਕਰਵਾਉਣ ਵਾਲੇ ਪੱਤਰਕਾਰਾਂ ਨੂੰ ਜਲੀਲ ਕਰਕੇ ਮੀਟਿੰਗ ਹਾਲ ਦੇ ਬਾਹਰੋਂ ਹੀ ਜਾਣ ਲਈ ਮਜਬੂਰ ਕਰ ਰਿਹਾ ਸੀ। ਪ੍ਰਸ਼ਾਸ਼ਨ ਵੱਲੋਂ ਪੱਤਰਕਾਰਾਂ ਪ੍ਰਤੀ ਅਪਣਾਏ ਗਏ ਰਵਈਏ ਕਾਰਨ ਪੱਤਰਕਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।























