

ਮਾਨਸਾ, 4 ਸਤੰਬਰ (ਸਾਰਾ ਯਹਾਂ/ਜਗਤਾਰਵ ਧੰਜਲ) -ਵੀਰਵਾਰ ਨੂੰ ਤੇਜ ਮੀਂਹ ਨੇ ਘੱਗਰ ਕਿਨਾਰੇ ਵਸਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮੀਂਹ ਪੈਣ ਨਾਲ ਡੇਢ ਫੁੱਟ ਚੜ੍ਹੇ ਘੱਗਰ ਵਿਚ ਹੁਣ ਪਾਣੀ 21.7 ਫੁੱਟ ਤੱਕ ਪਹੁੰਚ ਗਿਆ। ਜੋ ਮਹਿਜ ਖਤਰੇ ਦੇ ਨਿਸ਼ਾਨ ਤੋਂ ਸਵਾ 3 ਫੁੱਟ ਹੇਠਾਂ ਵਗ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ ਦੀ ਚਿੰਤਾ ਵਧ ਗਈ ਹੈ। ਪ੍ਰਸ਼ਾਸ਼ਨ ਨੇ ਘੱਗਰ ਕਿਨਾਰੇ ਵਸਦੇ ਲੋਕਾਂ ਨੂੰ ਚੌਂਕਸ ਕਰ ਦਿੱਤਾ ਹੈ। ਹਾਲਾਂਕਿ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਪਰ ਘੱਗਰ ਵਿਚ ਵਧਦੇ ਪਾਣੀ ਦੇ ਲਗਾਤਾਰ ਪੱਧਰ ਨੇ ਲੋਕਾਂ ਨੂੰ ਡਰਾਇਆ ਹੋਇਆ ਹੈ। ਪਿਛਲੇ 4 ਦਿਨਾਂ ਵਿਚ 18 ਫੁੱਟ ਤੋਂ ਵਧ ਕੇ ਘੱਗਰ ਦਾ ਪਾਣੀ ਵੀਰਵਾਰ ਨੂੰ 21.7 ਫੁੱਟ ਦਰਜ ਕੀਤਾ ਗਿਆ। ਇਸ ਦੇ ਨਾਲ ਚਾਂਦਪੁਰਾ ਬੰਨ, ਖਨੌਰੀ ਆਦਿ ਵਿਚ ਪਾਣੀ ਦਾ ਪੱਧਰ ਧੀਮੀ ਗਤੀ ਨਾਲ ਵਧਣ ਨੂੰ ਲੈ ਕੇ ਲੋਕਾਂ ਨੂੰ ਥੋੜ੍ਹਾ ਧਰਵਾਸ ਜਰੂਰ ਹੈ ਪਰ ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਹਾੜਾਂ ਵਿਚ ਪਿਛਲੇ ਦਿਨ ਪਏ ਮੀਂਹ ਅਤੇ ਅੱਜ ਕੱਲ ਹੋ ਰਹੀਆਂ ਬਾਰਿਸ਼ਾਂ ਦਾ ਪਾਣੀ ਮੁੜ ਘੱਗਰ ਵਿਚ ਪਾਣੀ ਵਧਾ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਇੰਨੀ ਦਿਨੀਂ ਪਹਾੜਾਂ ਵਿਚ ਵਰਖਾ ਘੱਟ ਹੋਣ ਦੀ ਸੂਚਨਾ ਹੈ ਪਰ ਇਹ ਚਿੰਤਾ ਵੀ ਜਰੂਰ ਹੈ ਕਿ ਜੇਕਰ ਮੀਂਹ ਹੋਰ ਥਾਵਾਂ ਤੇ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਘੱਗਰ ਲਈ ਖਤਰਾ ਖੜ੍ਹਾ ਹੋ ਸਕਦਾ ਹੈ। ਵੀਰਵਾਰ ਨੂੰ ਜੋਰਦਾਰ ਮੀਂਹ ਪੈਣ ਨਾਲ ਸਰਦੂਲਗੜ੍ਹ ਸ਼ਹਿਰ ਦਾ ਪੁਰਾਣਾ ਏਰੀਆ ਪਾਣੀ ਵਿਚ ਡੁੱਬ ਗਿਆ। ਇੱਥੋਂ ਦੇ ਪਾਣੀ ਦੀ ਨਿਕਾਸੀ ਹਮੇਸ਼ਾ ਘੱਗਰ ਵਿਚ ਹੁੰਦੀ ਆਈ ਹੈ ਅਤੇ ਇਹ ਪਾਣੀ ਵੀ ਘੱਗਰ ਵਿਚ ਕੱਢਿਆ ਜਾ ਰਿਹਾ ਹੈ। ਜਿਸ ਨਾਲ ਘੱਗਰ ਚੜ੍ਹਨ ਦੀ ਸੰਭਾਵਨਾ ਬਣ ਸਕਦੀ ਹੈ। ਉਧਰ ਘੱਗਰ ਬਚਾਓ ਸੰਘਰਸ਼ ਕਮੇਟੀ ਦੇ ਆਗੂ ਵਾਤਾਵਰਣ ਪ੍ਰੇਮੀ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਹੁਣ ਮੀਂਹਾਂ ਦਾ ਮੌਸਮ ਜਿਆਦਾ ਨਹੀਂ ਹੈ ਪਰ ਰੁਕ ਰੁਕ ਪੈਂਦੇ ਤੇਜ ਮੀਂਹ ਅਤੇ ਉਨ੍ਹਾਂ ਦਾ ਪਿੱਛੇ ਤੋਂ ਆ ਰਿਹਾ ਪਾਣੀ ਘੱਗਰ ਦੀ ਚਿੰਤਾ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਸਰਦੂਲਗੜ੍ਹ ਦੇ ਲੋਕ ਪਹਿਲਾਂ ਘੱਗਰ ਦੇ ਪਾਣੀ ਤੋਂ ਘਬਰਾਏ ਹੋਏ ਹਨ ਉਧਰ ਤੇਜ ਮੀਂਹ ਨੇ ਉਨ੍ਹਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਜਿਸ ਨਾਲ ਸ਼ਹਿਰ ਦਾ ਪੁਰਾਣਾ ਏਰਿਆ ਪਾਣੀ ਵਿਚ ਡੁੱਬ ਗਿਆ ਅਤੇ ਕਈ ਮਕਾਨਾਂ ਵਿਚ ਤਰੇੜਾਂ ਵੀ ਆ ਗਈਆਂ। ਉਨ੍ਹਾਂ ਕਿਹਾ ਕਿ ਮੀਂਹ ਦਾ ਪਾਣੀ ਵੀ ਲੋਕਾਂ ਦਾ ਵੱਡਾ ਨੁਕਸਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਖੇਤਰ ਦੇ ਲੋਕਾਂ ਨੂੰ ਘੱਗਰ ਦੇ ਚੜ੍ਹਨ ਦਾ ਡਰ ਬਣਿਆ ਹੋਇਆ ਹੈ। ਜਿਸ ਨੂੰ ਲੈ ਕੇ ਲੋਕਾਂ ਨੂੰ ਚੌਂਕਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੱਕ ਸਰਕਾਰਾਂ ਨੇ ਘੱਗਰ ਸਬੰਧੀ ਕੋਈ ਧਿਆਨ ਨਹੀਂ ਦਿੱਤਾ। ਜਿਸ ਕਰਕੇ ਹਰ ਸਾਲ ਘੱਗਰ ਲੋਕਾਂ ਨੂੰ ਡਰਾਉਂਦਾ ਅਤੇ ਨੁਕਸਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਕਿ ਇਹ ਸਿਆਸਤ ਕਰਨ ਦੀ ਬਜਾਏ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਰਕਾਰਾਂ ਇਸ ਲਈ ਕੁੱਝ ਕਰਦੀਆਂ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਘੱਗਰ ਦਾ ਪਾਣੀ ਅਜੇ ਖਤਰੇ ਦੇ ਨਿਸ਼ਾਨ ਤੋਂ ਬਹੁਤ ਥੱਲੇ ਹੈ। ਪਾਣੀ ਵਧ ਜਰੂਰ ਰਿਹਾ ਹੈ ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਮੀਂਹ ਠੱਲਦੇ ਹੀ ਇਹ ਪਾਣੀ ਥੱਲੇ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਵੀ ਇਸ ਦਾ ਪਲ ਪਲ ਤੇ ਜਾਇਜਾ ਲਿਆ ਜਾ ਰਿਹਾ ਹੈ ਅਤੇ ਜ਼ਿਲਾ ਪ੍ਰਸ਼ਾਸ਼ਨ ਵੀ ਘੱਗਰ ਨੂੰ ਲੈ ਕੇ ਪੂਰੀ ਤਰ੍ਹਾਂ ਪੱਬਾਂ ਭਾਰ ਹੈ।
ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਜਾ ਰਿਹਾ ਹੈ। ਸਰਕਾਰ ਫਿਰ ਲੋਕਾਂ ਨੂੰ ਝੂਠੀ ਤਸੱਲੀ ਦੇਣ ਵਿਚ ਲੱਗੀ ਹੈ। ਜਦੋਂ ਕਿ ਇਸ ਲਈ ਕੀਤਾ ਕੁੱਝ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜਿਵੇਂ ਪਾਣੀ ਪਿੱਛੋਂ ਵਧ ਕੇ ਆ ਰਿਹਾ ਹੈ ਉਸ ਦੇ ਨਾਲ ਹਰ ਵੇਲੇ ਸਥਿਤੀ ਨਾਜੁਕ ਬਣੀ ਹੋਈ ਹੈ। ਇਸ ਲਈ ਸਰਕਾਰ ਨੂੰ ਪ੍ਰਬੰਧ ਸਖਤ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਲੋਕਾਂ ਨੂੰ ਘੱਗਰ ਦੇ ਕਹਿਰ ਤੋਂ ਬਚਾਉਣ ਅਤੇ ਖੇਤੀ ਦਾ ਨੁਕਸਾਨ ਹੋਣੋਂ ਬਚਾਉਣ ਲਈ ਸਰਕਾਰ ਨੇ ਕੋਈ ਵੀ ਢੁਕਵੇਂ ਪ੍ਰਬੰਧ ਨਹੀਂ ਕੀਤੇ। ਜਿਸ ਕਾਰਨ ਲੋਕ ਡਰੇ ਅਤੇ ਸਹਿਮੇ ਹੋਏ ਹਨ।























