*ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਲੋਕਾਂ ਦਾ ਜਾਗਰੂਕ ਹੋਣਾ ਲਾਜ਼ਮੀ-ਵਿਧਾਇਕ ਬੁੱਧ ਰਾਮ*

0
14

ਬੁਢਲਾਡਾ/ਮਾਨਸਾ, 04 ਜੁਲਾਈ  (ਸਾਰਾ ਯਹਾਂ/ਮੁੱਖ ਸੰਪਾਦਕ) :
ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਲਾਜ਼ਮੀ ਹੈ ਤਾਂ ਜੋ ਹਰ ਵਿਅਕਤੀ ਦੇ ਨਾਲ ਨਾਲ ਬੱਚੇ ਅਤੇ ਬਜ਼ੁਰਗ ਵੀ ਤੰਦਰੁਸਤ ਰਹਿਣ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪਿ੍ੰਸੀਪਲ ਸ੍ਰ. ਬੁੱਧ ਰਾਮ ਨੇ ਚੌੜੀ ਗਲੀ ਬੁਢਲਾਡਾ ਵਿਖੇ ਸਿਹਤ ਵਿਭਾਗ ਦੀ ਮੁਹਿੰਮ ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਤਹਿਤ ਘਰਾਂ ਦਾ ਸਰਵੇ ਕੀਤਾ |
ਇਸ ਦੌਰਾਨ ਵਿਧਾਇਕ ਬੁੱਧ ਰਾਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੇ ਨਾਲ ਨਾਲ ਘਰ ਦਾ ਆਲਾ ਦੁਆਲਾ ਸਾਫ ਰੱਖਣ, ਕਿਤੇ ਵੀ ਪਾਣੀ ਜਾਂ ਕੂੜਾ ਕਰਕਟ ਇਕੱਠਾ ਨਾ ਹੋਣ ਦੇਣ ਤਾਂ ਜੋ ਖੜ੍ਹੇ ਪਾਣੀ ਵਿਚ ਮੱਛਰ ਦਾ ਲਾਰਵਾ ਨਾ ਪੈਦਾ ਹੋ ਸਕੇ | ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਨੂੰ  ਮੁੱਖ ਰੱਖਦੇ ਹੋਏ ਇਹ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ ਤਾਂ ਜੋ ਹਰ ਨਾਗਰਿਕ ਤੰਦਰੁਸਤ ਰਹੇ ਅਤੇ ਵਾਤਾਵਰਣ ਵੀ ਸਵੱਛ ਰਹਿ ਸਕੇ |
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਿਹਤ ਵਿਭਾਗ ਵੱਲੋਂ ਸਿਹਤ ਕਰਮਚਾਰੀਆਂ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਨੂੰ ਟਰੇਨਿੰਗ ਦੇ ਕੇ ਘਰ ਘਰ ਲਾਰਵੇ ਦੀ ਜਾਂਚ ਕਰਨ ਲਈ ਭੇਜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਨਸਾ, ਬੁਢਲਾਡਾ, ਬਰੇਟਾ, ਸਰਦੂਲਗੜ੍ਹ, ਭੀਖੀ, ਝੁਨੀਰ ਅਤੇ ਬੋਹਾ ਵਿਖੇ ਨਰਸਿੰਗ ਦੇ ਵਿਦਿਆਰਥੀ, ਆਸ਼ਾ ਵਰਕਰ ਅਤੇ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਕਾਰਜਸ਼ੀਲ ਹਨ |
ਉਨ੍ਹਾਂ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਮਿਊਾਸਪਲ ਕਮੇਟੀ ਆਦਿ ਨੂੰ ਹਦਾਇਤ ਕੀਤੀ ਹੈ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਲੋੜੀਂਦੇ ਉਪਰਾਲੇ ਕੀਤੇ ਜਾਣ | ਉਨ੍ਹਾਂ ਮਿਊਾਸਪਲ ਕਮੇਟੀ ਅਤੇ ਸਿਹਤ ਵਿਭਾਗ ਨੂੰ  ਫੋਗਿੰਗ ਕਰਨ ਅਤੇ ਲਾਰਵੇ ਨੂੰ ਨਸ਼ਟ ਕਰਨ ਦੀ ਹਦਾਇਤ ਕੀਤੀ |
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਚੈਕਿੰਗ ਕਰਕੇ ਡੇਂਗੂ ਦਾ ਲਾਰਵਾ ਨਸ਼ਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ  ਵੀ ਬੁਖ਼ਾਰ ਜਾਂ ਕੋਈ ਹੋਰ ਤਕਲੀਫ਼ ਹੁੰਦੀ ਹੈ ਤਾਂ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਖ਼ੂਨ ਦੀ ਜਾਂਚ ਕਰਵਾਈ ਜਾਵੇ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ |
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਸਿਹਤ ਵਿਭਾਗ ਟੀਮਾਂ ਵੱਲੋਂ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਘਰਾਂ, ਦਫ਼ਤਰਾਂ ਅਤੇ ਜਨਤਕ ਥਾਵਾਂ ‘ਤੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਜੇਕਰ ਕਿਤੇ ਲਾਰਵਾ ਪਾਇਆ ਜਾਂਦਾ ਹੈ ਤਾਂ ਉਸ ਦੇ ਚਲਾਣ ਲਈ ਸਬੰਧਤ ਵਿਭਾਗ ਨੂੰ  ਭੇਜ ਦਿੱਤਾ ਜਾਂਦਾ ਹੈ, ਇਸ ਦੇ ਨਾਲ ਹੀ  ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ ਮੇਲ ਅਤੇ ਮਲਟੀਪਰਪਜ਼ ਸਿਹਤ ਵਰਕਰ ਮੇਲ ਅਤੇ ਆਸ਼ਾ ਵਰਕਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ |
ਇਸ ਮੌਕੇ ਡਾ. ਮਨਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ, ਸੰਤੋਸ਼ ਭਾਰਤੀ ਐਪੀਡੀਮੈਲੋਜਿਸਟ, ਗੁਰਿੰਦਰ ਜੀਤ, ਸੰਜੀਵ ਮਸੀਹ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਮੰਗਲ ਸਿੰਘ ਅਤੇ ਬਲਜੀਤ ਸਿੰਘ, ਕਿਸ਼ਨ ਲਾਲ ਇੰਸੈਕਟ ਕੁਲੈਕਟਰ, ਭੋਲਾ ਸਿੰਘ ਤੇ ਸੁਖਦੇਵ ਸਿੰਘ ਸਿਹਤ ਇੰਸਪੈਕਟਰ, ਹਰਪ੍ਰੀਤ ਕੌਰ, ਪ੍ਰਦੀਪ ਅਤੇ ਮਨਪ੍ਰੀਤ ਕੌਰ ਏ.ਐਨ.ਐਮਜ਼, ਆਸ਼ਾ ਵਰਕਰਜ਼, ਨਰਸਿੰਗ ਵਿਦਿਆਰਥੀਆਂ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here