

ਮਾਨਸਾ, 21 ਨਵੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੁਆਰਾ ਘਰ-ਘਰ ਰੁਜ਼ਗਾਰ ਦੇਣ ਦੀ ਸੋਚ ਸਦਕਾ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਕਾਰੋਬਾਰ ਬਿਊਰੋ ਦੀ ਨਵੀਂ ਇਮਾਰਤ ਦਾ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਉਦਘਾਟਨ ਕੀਤਾ।
ਉਦਘਾਟਨੀ ਸਮਾਰਹੋ ਦੀ ਸ਼ੁਰੂਆਤ ਉਨਾਂ ਨੇ ਰਿਬਨ ਕੱਟਣ ਤੋਂ ਬਾਅਦ ਜੋਤ ਰੌਸ਼ਨ ਕਰਕੇ ਅਤੇ ਨੀਂਹ ਪੱਥਰ ਦੀ ਘੁੰਡ ਚੁਕਾਈ ਕਰਕੇ ਕੀਤੀ ਗਈ।ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਇਮਾਰਤ ਅਤੇ ਇਸ ਵਿਚਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 4900 ਵਰਗ ਫੁੱਟ ਵਿਚ ਤਿਆਰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਇਮਾਰਤ ਦਾ ਨਿਰਮਾਣ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਮੁਹਿੰਮ ਨੂੰ ਹੁੰਗਾਰਾ ਦੇਣ ਵਾਸਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੁਆਰਾ ਰੁਜ਼ਗਾਰ ਮੇਲਿਆਂ ਦਾ ਆਯੋਜਨ ਕਰਕੇ ਵੱਖ-ਵੱਖ ਕੰਪਨੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਜੋ ਕਿ ਨੌਜਵਾਨਾਂ ਲਈ ਸੁਨਹਿਰਾ ਅਵਸਰ ਹੈ ਕਿਉਂਕਿ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਇਕ ਹੀ ਜਗ੍ਹਾ ਤੇ ਕਈ ਕੰਪਨੀਆਂ ਕੋਲ ਇੰਟਰਵਿਊ ਦੇਣ ਦਾ ਮੌਕਾ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ।
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਰੁਜ਼ਗਾਰ ਉਤਪਤੀ ਤੇ ਕਾਰੋਬਾਰ ਬਿਊਰੋ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੰਮਕਾਜ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 6 ਵਜੇ ਤੱਕ ਅਤੇ ਸ਼ਨੀਵਾਰ ਵਾਲੇ ਦਿਨ 10 ਵਜੇ ਤੋਂ 2 ਵਜੇ ਤੱਕ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿੱਚ ਹਰ ਮਹੀਨੇ 2 ਰੁਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਨੌਜਵਾਨ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਇਨ੍ਹਾਂ ਰੁਜ਼ਗਾਰ ਕੈਂਪਾਂ ਵਿਚ ਹਿੱਸਾ ਲੈ ਸਕਦੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ 14 ਨਵੰਬਰ ਅਤੇ 17 ਨਵੰਬਰ ਨੂੰ ਆਯੋਜਿਤ ਕੀਤੇ ਗਏ ਦੋ ਰੋਜ਼ਾ ਮੈਗਾ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ 137 ਅਤੇ ਦੂਜੇ ਦਿਨ 212 ਲੜਕੇ ਲੜਕੀਆਂ ਦੀ ਵੱਖ-ਵੱਖ ਕੰਪਨੀਆਂ ਵੱਲੋਂ ਚੋਣ ਕੀਤੀ ਗਈ ਹੈ। ਜਿਸ ਤਹਿਤ ਕੁੱਲ 349 ਲੜਕੇ ਲੜਕੀਆਂ ਨੌਕਰੀ ਲਈ ਚੁਣੇ ਗਏ। ਅੱਜ ਦੇ ਇਸ ਸਮਾਰੋਹ ਦੌਰਾਨ ਘਰ-ਘਰ ਰੁਜ਼ਗਾਰ ਮੈਗਜ਼ੀਨ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਸਾਬਕਾ ਸਰਦੂਲਗੜ ਐਮ ਐਲ ਏ ਸ਼੍ਰ ਅਜੀਤਇੰਦਰ ਸਿੰਘ ਮੋਫਰ, ਹਲਕਾ ਇੰਚਾਰਜ ਡਾ. ਮੰਜੂ ਬਾਂਸਲ, ਐਸ.ਐਸ.ਪੀ. ਸ੍ਰੀ ਮਨਧੀਰ ਸਿੰਘ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੇਸ਼ ਤ੍ਰਿਪਾਠੀ, ਤੋਂ ਇਲਾਵਾ ਵਿਦਿਆ ਭਾਰਤੀ ਸਕੂਲ, ਅਤੇ ਸਰਕਾਰੀ ਸਕੂਲ ਮੂਸਾ ਦੇ ਵਿਦਿਆਰਥੀ ਹਾਜ਼ਰ ਸਨ।
EDITED BY : SARA YAHA | | Last Updated : 7:05 PM 21 ਨਵੰਬਰ 2018
























