ਡੀ.ਈ.ਓ. ਪ੍ਰਾਇਮਰੀ ਦੀਆਂ ਵਧੀਕੀਆਂ ਵਿਰੁੱਧ ਵੀ ਭੜਕੇ ਅਧਿਆਪਕ

0
82

ਮਾਨਸਾ 12 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ) ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਮਾਨਸਾ ਜਿਲ੍ਹੇ ਦੇ ਸੈਂਕੜੇ ਅਧਿਆਪਕਾਂ ਨੇ ਜਿਲ੍ਹਾ ਕਚਿਹਰੀ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜਦਿਆਂ ਚੇਤਾਵਨੀ ਦਿੱਤੀ ਕਿ ਹੁਣ ਉਹ ਆਰ-ਪਾਰ ਦੀ ਜੰਗ ਤੋਂ ਪਿੱਛੇ ਨਹੀਂ ਮੁੜਨਗੇ। ਆਗੂਆਂ ਨੇ ਦੋਸ਼ ਲਾਇਆ ਕਿ ਹਕੂਮਤ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਥਾਂ ਉਹਨਾਂ ਤੇ ਭਾਰੀ ਤਸ਼ੱਦਦ ਢਾਹ ਰਹੀ ਹੈ। ਬੁਲਾਰਿਆਂ ਨੇ ਪਟਿਆਲਾ ਵਿਖੇ ਹੋਏ ਲਾਠੀ ਚਾਰਜ ਅਤੇ ਮਾਨਸਾ ਵਿਖੇ ਅਧਿਆਪਕਾਂ ਦੀ ਹੋਈ ਖਿੱਚ ਧੂਹ ਦੀ ਸਖਤ ਨਿੰਦਿਆਂ ਕਰਦਿਆਂ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ। ਇਸ ਅਰਥੀ ਫੂਕ ਮੁਜਾਹਰੇ ਦੌਰਾਨ ਡਿਪਟੀ ਕਮਿਸ਼ਨਰ ਦਫਤਰ ਅੱਗੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਜਿੰਦਰ ਕੌਰ ਦੀਆਂ ਵਧੀਕੀਆਂ ਵਿਰੁੱਧ ਵੀ ਨਾਅਰੇਬਾਜੀ ਕੀਤੀ ਗਈ।  ਇਸੇ ਦੌਰਾਨ ਇਸ ਅਧਿਕਾਰੀ ਵਿਰੁੱਧ ਰੋਸ ਵਜੋਂ ਜਦੋਂ ਅਧਿਆਪਕ ਡਿਪਟੀ ਕਮਿਸ਼ਨਰ ਦਫਤਰ ਵੱਲ ਜਾ ਰਹੇ ਸਨ ਤਾਂ ਪੁਲਿਸ ਨਾਲ ਉਹਨਾਂ ਦੀ ਝੜਪ ਵੀ ਹੋਈ।  ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੇ ਆਗੂ ਸ਼ੁਖਦਰਸ਼ਨ ਨੱਤ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਅਧਿਆਪਕਾਂ ਤੇ ਲਾਠੀ ਚਾਰਜ ਕਰਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਅਧਿਆਪਕਾਂ ਦੇ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਰਗੇ ਅਹਿਮ ਮਸਲੇ ਪ੍ਰਤੀ ਵੀ ਗੰਭੀਰ ਨਹੀਂ ਜਿਸ ਕਾਰਨ ਅੱਜ ਰਾਜ ਦਾ ਸਿੱਖਿਆ ਸਿਸਟਮ ਬੁਰੀ ਤਰ੍ਹਾਂ ਲੜਖੜਾ ਗਿਆ ਹੈ। ਉਹਨਾਂ ਕਿਹਾ ਕਿ ਸਿੱਖਿਆ ਸਕੱਤਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਵੀ ਉਪਰ ਸਮਝ ਕੇ ਅਧਿਆਪਕਾਂ ਤੇ ਜੁਲਮ ਢਾਹ ਰਿਹਾ ਹੈ।

                   ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਸਿੰਘ ਤਾਮਕੋਟ, ਅਮੋਲਕ ਡੇਲੂਆਣਾ, ਹਰਦੀਪ ਸਿੱਧੂ, ਖੁਸ਼ਵਿੰਦਰ ਬਰਾੜ, ਇੰਦਰਜੀਤ ਡੇਲੂਆਣਾ, ਸੁਖਚੈਨ ਗੁਰਨੇ, ਗੁਰਮੇਲ ਸਿੰਘ ਬੋੜਾਵਾਲ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਨਾਲ ਸੰਬੰਧਤ ਪ੍ਰੋਜੈਕਟ ਪੜੋ ਪੰਜਾਬ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਗਿਆ ਹੈ ਅਤੇ ਕੋਈ ਵੀ ਪ੍ਰੋਜੈਕਟ ਨਾਲ ਸੰਬੰਧਤ ਕਰਮਚਾਰੀਆਂ ਨੂੰ ਸਕੂਲਾਂ ਵਿੱਚ ਵਿਜਟ ਨਹੀਂ ਪਾਉਣ ਦਿੱਤੀ ਜਾਵੇਗੀ ਅਤੇ ਜੇਕਰ ਇਸ ਬਾਈਕਾਟ ਮਸਲੇ ਤੇ ਕੋਈ ਅਧਿਕਾਰੀ ਅਧਿਆਪਕਾਂ ਨਾਲ ਵਧੀਕੀ ਕਰਦਾ ਹੈ ਤਾਂ ਉਸਨੂੰ ਘੇਰਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਦੋਂ ਦਾ ਸਿੱਖਿਆ ਸਕੱਤਰ ਵਜੋਂ ਕ੍ਰਿਸ਼ਨ ਕੁਮਾਰ ਨੂੰ ਅਹੁਦੇ ਤੇ ਬਿਠਾਇਆ ਹੈ ਉਸ ਸਮੇਂ ਤੋਂ ਸਕੂਲਾਂ ਵਿੱਚ ਆਉਂਦੀਆਂ ਸਾਰੀਆਂ ਗ੍ਰਾਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਸਕੂਲਾਂ ਦੀ ਸਫਾਈ, ਸ਼ੁੱਧ ਪਾਣੀ, ਬੈਠਣ ਲਈ ਫਰਨੀਚਰ ਤੋਂ ਬੱਚੇ ਸੱਖਣੇ ਹਨ।

                   ਇਸ ਮੌਕੇ ਹਰਪਾਲ ਕੌਰ ਗੇਹਲੇ, ਰਾਜੇਸ਼ ਬੁਢਲਾਡਾ, ਦਰਸ਼ਨ ਅਲੀਸ਼ੇਰ, ਸੁਖਵੀਰ ਸਿੰਘ ਗਿੱਲ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਸੁਖਵੀਰ ਕੌਰ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਅਫਸਰ (ਐਲੀ.) ਵੱਲੋਂ ਸਕੂਲਾਂ ਅੰਦਰ  ਅਧਿਆਪਕਾਂ ਨਾਲ ਜੋ ਗਲਤ ਵਤੀਰਾ ਅਪਣਾਇਆ ਜਾ ਰਿਹਾ ਹੈ ਉਸਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ।


EDITED BY : SARA YAHA | | Last Updated : 6:44 pm 12 ਫ਼ਰਵਰੀ 2019

LEAVE A REPLY

Please enter your comment!
Please enter your name here