ਡਿਪਟੀ ਕਮਿਸ਼ਨਰ ਨੇ ਲਿਆ ਕੈਟਲ ਪੌਂਡ ਖੋਖਰ ਕਲਾਂ ਦਾ ਜਾਇਜ਼ਾ

0
2

ਮਾਨਸਾ, 04 ਅਗਸਤ (ਬਲਜੀਤ ਸ਼ਰਮਾ) : ਨਜ਼ਦੀਕੀ ਪਿੰਡ ਖੋਖਰ ਕਲਾਂ ‘ਚ 10 ਏਕੜ ਵਿਚ ਬਣੇ ਕੈਟਲ ਪੌਂਡ (ਗਊਸ਼ਾਲਾ) ਵਿਖੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਸ਼ੂ ਭਲਾਈ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪਸ਼ੂ ਭਲਾਈ ਕਮੇਟੀ ਵੱਲੋਂ ਗਊਸ਼ਾਲਾ ਦੀ ਬਿਹਤਰੀ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਉਪਰਾਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ
   ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਮਾਨਸਾ ਦੀ ਇਸ ਗਊਸ਼ਾਲਾ ਦੀ ਸੁੰਦਰਤਾ ਬਾਰੇ ਉਹ ਕਾਫ਼ੀ ਸਮੇਂ ਤੋਂ ਸੁਣਦੇ ਆ ਰਹੇ ਹਨ ਅਤੇ ਅੱਜ ਉਨ੍ਹਾਂ ਨੇ ਇਸ ਗਊਸ਼ਾਲਾ ਦੀ ਸੁੰਦਰ ਦਿੱਖ ਨੂੰ ਖੁਦ ਵੇਖ ਕੇ ਉਨ੍ਹਾਂ ਨੂੰ ਵੱਖਰਾ ਅਨੁਭਵ ਹੋਇਆ ਹੈ।  ਉਨ੍ਹਾਂ ਗਊਸ਼ਾਲਾ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪਸ਼ੂ ਭਲਾਈ ਕਮੇਟੀ ਵੱਲੋਂ ਕੀਤੇ ਉਪਰਾਲਿਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਗਊਸ਼ਾਲਾ ਨੂੰ ਇਨਾ ਹਰਿਆ-ਭਰਿਆ ਅਤੇ ਮਨਮੋਹਕ ਬਣਾਉਣ ਵਿੱਚ ਇੱਥੋਂ ਦੀ ਕਮੇਟੀ ਦੀ ਲਗਨ ਅਤੇ ਭਾਵਨਾ ਝਲਕਦੀ ਹੈ। ਉਨ੍ਹਾਂ ਕਿਹਾ ਕਿ ਆਪ ਸਭ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਇਸ ਕੈਟਲ ਪੋਂਡ ਵਿਖੇ ਵਧੀਆ ਵਾਤਾਵਰਣ ਦੀ ਸਿਰਜਨਾ ਹੋਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਕੈਟਲ ਪੋਂਡ ਦੀ ਬਿਹਤਰੀ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਲਈ ਜੋ ਵੀ ਸੰਭਵ ਸਹਿਯੋਗ ਹੋਵੇਗਾ, ਉਹ ਦਿੱਤਾ ਜਾਵੇਗਾ।
ਪਸ਼ੂ ਭਲਾਈ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਹਰ ਐਤਵਾਰ ਵਾਲੇ ਦਿਨ 2000 ਤੋਂ ਵੀ ਵੱਧ ਲੋਕ ਇਸ ਜਗ੍ਹਾ ਦਾ ਆਨੰਦ ਮਾਣਨ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਹੋਰ ਜਿਲ੍ਹਿਆਂ ਦੇ ਲੋਕ ਵੀ ਇੱਕੇ ਆ ਕੇ ਇਸ ਗਊਸ਼ਾਲਾ ਦੀ ਸੁੰਦਰਤਾ ਨੂੰ ਨਿਹਾਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਥੇ ਪ੍ਰੀ-ਵੈਡਿੰਗ ਸ਼ੁਟਿੰਗ ਲਈ ਵੀ ਲੋਕ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਟਲ ਪੋਂਡ ਵਿੱਚ 1200 ਦੇ ਕਰੀਬ ਗਊਵੰਸ ਅਤੇ ਹੋਰ ਪਸ਼ੂ ਰੱਖੇ ਹੋਏ ਹਨ, ਜਿਨ੍ਹਾ ਦੀ ਸਾਂਭ-ਸੰਭਾਲ ਲਈ ਜ਼ਿਲ੍ਹਾ ਪਸ਼ੂ ਭਲਾਈ ਸੋਸਾਇਟੀ ਹਮੇਸ਼ਾਂ ਤਤਪਰ ਰਹਿੰਦੀ ਹੈ। ਇਸ ਗਊਸ਼ਾਲਾ ਵਿੱਚ ਇੱਕ ਓਪਨ ਏਅਰ ਥਿਏਟਰ ਵੀ ਬਣਾਇਆ ਗਿਆ ਹੈ, ਜਿਸ ਵਿੱਚ ਕਰੀਬ 300 ਵਿਅਕਤੀ ਆਸਾਨੀ ਨਾਲ ਬੈਠ ਸਕਦੇ ਹਨ। ਇਸ ਥੀਏਟਰ ਵਿੱਚ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਕਮੇਟੀ ਵੱਲੋਂ ਦੱਸਿਆ ਗਿਆ ਕਿ ਗਊਸ਼ਾਲਾ ਵਿਖੇ ਇੱਕ ਆਕਰਸ਼ਕ ਮੰਦਿਰ ਦਾ ਨਿਰਮਾਣ ਵੀ ਕੀਤਾ ਗਿਆ ਹੈ, ਜੋ ਕਿ ਅਗਸਤ 2018 ਦੇ ਅੰਤ ਵਿੱਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗਾ। ਇਸ ਮੰਗਰੋਂ ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਦਾ ਦੌਰਾ ਕਰਕੇ ਉਥੇ ਬਣੇ ਖੂਹ, ਓਪਨ ਏਅਰ ਥਿਏਟਰ, ਪਾਰਕ, ਬੋਟਿੰਗ ਅਤੇ ਗਊਵੰਸ਼ ਤੇ ਹੋਰ ਪਸ਼ੂਆਂ ਲਈ ਬਣੇ ਸ਼ੈਡਾਂ ਤੋਂ ਇਲਾਵਾ ਗਊਸ਼ਾਲਾ ਦੇ ਪ੍ਰਬੰਧਾਂ ਦੀ ਕਾਫ਼ੀ ਸ਼ਲਾਘਾ ਕੀਤੀ।
ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਿਸ਼ਿਸ਼ਟ, ਸੁਪਰਡੈਂਟ ਸ਼੍ਰੀ ਪਵਨ ਕੁਮਾਰ, ਸ਼੍ਰੀ ਅਸ਼ਵਨੀ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਮਗਨਰੇਗਾ ਸ਼੍ਰੀ ਮਨਦੀਪ ਸਿੰਘ ਸਿੱਧੂ, ਸ਼੍ਰੀ ਮੱਘਰ ਮੱਲ ਖਿਆਲਾ, ਸ਼੍ਰੀ ਸੰਜੀਵ ਕੁਮਾਰ ਪਿੰਕਾ, ਸ਼੍ਰੀ ਭੀਮ ਸੈਨ ਜੈਨ, ਸ਼੍ਰੀ ਸੁਰਿੰਦਰ ਪਿੰਟਾ, ਸ਼੍ਰੀ ਸ਼ਾਮ ਲਾਲ ਗੋਇਲ, ਸ਼੍ਰੀ ਜੈਪਾਲ, ਸ਼੍ਰੀ ਜਗਜੀਤ ਵਾਲੀਆ, ਡਾ. ਵਿਨੋਦ ਮਿੱਤਲ, ਸ਼੍ਰੀ ਪਵਨ ਕੋਟਲੀ ਅਤੇ ਸ਼੍ਰੀ ਮੁਕੇਸ਼ ਕੁਮਾਰ ਤੋਂ ਇਲਾਵਾ ਹੋਰ ਵੀ ਵਿਭਾਗੀ ਅਧਿਕਾਰੀ ਅਤੇ ਪਸ਼ੁ ਭਲਾਈ ਕਮੇਟੀ ਦੇ ਮੈਂਬਰ ਮੌਜੂਦ ਸਨ। 


EDITED BY : SARA YAHA | | Last Updated : 7:45  pm 4 August  2018

LEAVE A REPLY

Please enter your comment!
Please enter your name here