

ਮਾਨਸਾ, 01 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ): ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਅਤੇ ਵਾਤਾਵਰਣ ਤੇ ਲੋਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਅਤੇ ਜ਼ੀਰੋ ਬਰਨਿੰਗ ਯਕੀਨੀ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿਚ ਜ਼ੀਰੋ ਬਰਨਿੰਗ ਯਕੀਨੀ ਬਣਾਉਣ ਦੇ ਉਦੇਸ਼ ਨਾਲ ਉਦਮ ਕੀਤੇ ਜਾਣ। ਉਨ੍ਹਾਂ ਐਸ.ਡੀ.ਐਮਜ਼ ਨੂੰ ਤਾਇਨਾਤ ਕੀਤੇ ਨੋਡਲ ਅਫ਼ਸਰਾਂ ਨਾਲ ਮਿਲ ਕੇ ਸਬੰਧਤ ਇਲਾਕਿਆਂ ਦਾ ਦੌਰਾ ਕਰਨ ਲਈ ਕਿਹਾ ਗਿਆ ਅਤੇ ਕਿੱਥੇ ਪਰਾਲੀ ਸਾੜੀ ਗਈ ਅਤੇ ਕਿੱਥੇ ਨਹੀਂ ਇਸ ਸਬੰਧ ਵਿਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਅਤੇ ਇਸ ਸਬੰਧ ਵਿਚ ਰੈੱਡ ਐਂਟਰੀ ਵੀ ਦਰਜ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਸ ਸਭ ਦੌਰਾਨ ਸਬੰਧਤ ਪਟਵਾਰੀ ਵੈਰੀਫਾਈ ਕਰੇਗਾ ਕਿ ਕਿੱਥੇ ਪਰਾਲੀ ਨੂੰ ਅੱਗ ਲਗਾਈ ਗਈ ਹੈ ਅਤੇ ਕਿੱਥੇ ਨਹੀਂ ਅਤੇ ਇਸ ਸਬੰਧ ਵਿਚ ਸਬੰਧਤ ਕਿਸਾਨ ਦਾ ਵੇਰਵਾ ਵੀ ਦਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ, ਸਰਕਾਰੀ ਮੁਲਾਜ਼ਮਾਂ ਦੀਆਂ ਜ਼ਮੀਨਾਂ ਅਤੇ ਆੜ੍ਹਤੀਆਂ ਦੀਆਂ ਜ਼ਮੀਨਾਂ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਿਆ ਜਾਵੇ ਤਾਂ ਜੋ ਇਨ੍ਹਾਂ ਵਿਚੋਂ ਵੀ ਕੋਈ ਪਰਾਲੀ ਨੂੰ ਅੱਗ ਨਾ ਲਗਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਜ਼ਮੀਨ ਨੂੰ ਮਿਲਣ ਵਾਲੇ ਫਾਇਦੇਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਖੇਤੀਬਾੜੀ ਸੰਦਾਂ ਤੇ ਮਿਲਣ ਵਾਲੀ ਸਬਸਿਡੀ ਦੇ ਜ਼ਰੀਏ ਕਿਸਾਨਾਂ ਨੂੰ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਤੇ ਵੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੇਲ ਸਿੰਘ ਚਾਹਲ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।























