

ਮਾਨਸਾ, 9 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਝੋਨੇ ਦੀ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਖੇਤੀਬਾੜੀ ਵਿਭਾਗ ਦੀਆਂ ਪੰਜ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਮਾਰੋਹ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਮਾਨਸਾ ਦੇ ਕਿਸਾਨ ਵਧੇਰੇ ਜਿੰਮੇਵਾਰ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੇ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਬਜਾਇ ਖੇਤ ਵਿਚ ਹੀ ਰਲਾਉਣ ਦਾ ਪ੍ਰਬੰਧਨ ਕੀਤਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਪ੍ਰਵਿਰਤੀ ਨੂੰ ਪੂਰੀ ਤਰਾਂ ਬੰਦ ਕਰਨ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਨੂੰ ਅਪਣਾਉਣ ਦਾ ਸੱਦਾ ਦਿੱਤਾ।
ਅੱਜ ਰਵਾਨਾ ਕੀਤਾ ਪੰਜਾ ਵੈਨਾਂ ਬੁਢਲਾਡਾ, ਮਾਨਸਾ, ਸਰਦੂਲਗੜ੍ਹ, ਝੁਨੀਰ ਅਤੇ ਭੀਖੀ ਦੇ ਇਲਾਕਿਆਂ ਵਿਚ ਚੱਲਣਗੀਆਂ। ਬੁਢਲਾਡਾ ਵਿਚ ਵੈਨ ਤਿੰਨ ਦਿਨਾਂ ਵਿਚ 90 ਪਿੰਡਾਂ ਦਾ ਦੌਰਾ ਕਰੇਗੀ ਜਦਕਿ ਮਾਨਸਾ, ਸਰਦੂਲਗੜ੍ਹ, ਝੁਨੀਰ ਅਤੇ ਭੀਖੀ ਦਾ ਖੇਤਰ ਅਗਲੇ ਦੋ ਦਿਨਾਂ ਵਿਚ ਕਵਰ ਕੀਤਾ ਜਾਵੇਗਾ। ਵੈਨਾਂ ਆਡੀਓ, ਵੀਡੀਓ, ਸਾਹਿਤ ਅਤੇ ਬੈਨਰਾਂ ਨਾਲ ਲੈਸ ਕੀਤੀਆਂ ਗਈਆਂ ਹਨ।























