

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦੇ ਕਤਲ ਕੇਸ ਦੀ ਜਾਂਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੂੰ ਸੌਂਪ ਦਿੱਤੀ ਹੈ। ਨੇਹਾ ਸ਼ੌਰੀ ਦੇ ਪਰਿਵਾਰਕ ਮੈਂਬਰ ਲਗਾਤਾਰ ਕੇਸ ਦੀ ਜਾਂਚ ਕਰਾਉਣ ਦੀ ਮੰਗ ਕਰ ਰਹੇ ਸੀ। ਇਸ ਤੋਂ ਪਹਿਲਾਂ ਕੇਸ ਦੀ ਜਾਂਚ ਸਿੱਟ ਦੇ ਹੱਥ ਦਿੱਤੀ ਗਈ ਸੀ।
ਦੱਸ ਦੇਈਏ ਬੀਤੇ ਦਿਨੀਂ ਖਰੜ ਦੇ ਸਿਵਲ ਹਸਪਤਾਲ ਵਿੱਚ ਇੱਕ ਕੈਮਿਸਟ ਨੇ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦਾ ਕਤਲ ਕਰ ਦਿੱਤਾ ਸੀ ਤੇ ਆਪ ਵੀ ਖ਼ੁਦਕੁਸ਼ੀ ਕਰ ਲਈ ਸੀ। ਉੱਧਰ ਇਸ ਮਾਮਲੇ ਵਿੱਚ ਰੋਪੜ ਪ੍ਰਸ਼ਾਸ਼ਨ ਦੇ ਤਿੰਨ ਅਧਿਕਾਰੀਆਂ ‘ਤੇ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਦਾ ਲਾਇਸੈਂਸ ਦੇਣ ਦੇ ਇਲਜ਼ਾਮ ਲਾਏ ਗਏ ਹਨ। ਡਰੱਗ ਇੰਸਪੈਕਟਰ ਨੇਹਾ ਸ਼ੌਰੀ ਕਤਲ ਕਾਂਡ ਵਿੱਚ ਰੋਪੜ ਪ੍ਰਸ਼ਾਸਨ ਨੇ ਆਪਣੀ ਤਫਤੀਸ਼ ਮੁਕੰਮਲ ਕਰ ਲਈ ਹੈ ਤੇ ਤਿੰਨ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਹੈ।
ਰੋਪੜ ਪ੍ਰਸ਼ਾਸਨ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ ਲਾਇਸੈਂਸਿੰਗ ਐਂਡ ਪਾਸਪੋਰਟ ਅਥਾਰਿਟੀ ਦੇ ਤਿੰਨ ਅਧਿਕਾਰੀਆਂ ਦੀ ਗਲਤੀ ਕਰਕੇ ਲਾਇਸੈਂਸ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ। ਲਾਇਸੈਂਸਿੰਗ ਐਂਡ ਪਾਸਪੋਰਟ ਅਥਾਰਿਟੀ ਦੇ ਅਧਿਕਾਰੀਆਂ ਵਿੱਚ ਇੱਕ ਸੁਪਰਡੈਂਟ ਪੱਧਰ ਦਾ ਅਫ਼ਸਰ ਵੀ ਸ਼ਾਮਲ ਹੈ।
ਦੋਸ਼ੀ ਪਾਏ ਗਏ ਅਧਿਕਾਰੀ ਤੇ ਅਫ਼ਸਰ ਖ਼ਿਲਾਫ਼ ਚੋਣ ਕਮਿਸ਼ਨ ਨੇ ਕਾਰਵਾਈ ਕਰਦਿਆਂ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਨੇਹਾ ਸ਼ੌਰੀ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਕਾਰਵਾਈ ਦੀ ਵੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਸ ਦੀ ਤਫ਼ਤੀਸ਼ ਡਾਇਰੈਕਟਰੇਟ ਆਫ਼ ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ ਨੂੰ ਦੇ ਦਿੱਤੀ ਹੈ।
ਪਹਿਲਾਂ ਤਫ਼ਤੀਸ਼ ਰੋਪੜ ਪੁਲਿਸ ਦੀ ਸਿਟ ਵੱਲੋਂ ਕੀਤੀ ਜਾ ਰਹੀ ਸੀ। ਨੇਹਾ ਸ਼ੌਰੀ ਦੇ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਨੇਹਾ ਦਾ ਕਤਲ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਦਾ ਪਰਦਾਫਾਸ਼ ਹੋਣਾ ਜ਼ਰੂਰੀ ਹੈ। ਹਾਲਾਂਕਿ ਰੋਪੜ ਪ੍ਰਸ਼ਾਸਨ ਨੇ ਆਪਣੀ ਤਫ਼ਤੀਸ਼ ਵਿੱਚ ਸਾਫ ਨਹੀਂ ਕੀਤਾ ਕਿ ਕਾਤਲ ਨੂੰ ਹਥਿਆਰ ਦਾ ਲਾਇਸੈਂਸ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਦਿੱਤਾ ਗਿਆ ਸੀ ਜਾਂ ਇੱਕ ਇਹ ਗਲਤੀ ਸੀ।























