

ਮਾਨਸਾ 16 ਮਾਰਚ ((ਸਾਰਾ ਯਹਾ, ਬੀ.ਪੀ.ਅੈਸ):ਕਰੀਬ ਅੱਠ-ਨੌਂ ਮਹੀਨੇ ਪਹਿਲਾਂ ਬਣੀ ਮਾਨਸਾ -ਸਰਦੂਲਗੜ੍ਹ ਨੈਸ਼ਨਲ ਹਾਈਵੇ ਝੁਨੀਰ ਦੇ ਨੇੜੇ ਅੱਧਾ ਕਿੱਲੋਮੀਟਰ ਦੇ ਏਰੀਏ ਚ ਸੜਕ ਧਸਣ ਕਰਕੇ ਬੁਰੀ ਤਰ੍ਹਾਂ ਟੋਏ ਪੈ ਚੁੱਕੇ ਹਨ। ਸੜਕ ਦੇ ਸਬੰਧਤ ਠੇਕੇਦਾਰ ਵੱਲੋਂ ਇਸ ਟੁੱਟ ਚੁੱਕੀ ਸੜਕ ਤੇ ਵਾਰ ਵਾਰ ਪੈਚਵਰਕ (ਤਾਕੀਆਂ ਲਗਾਉਣ) ਦਾ ਕੰਮ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਅੱਠ-ਨੌ ਮਹੀਨਿਆਂ ਦੇ ਵਿੱਚ ਇਸ ਸੜਕ ਤੇ ਤੀਜੀ ਵਾਰ ਠੇਕੇਦਾਰ ਵੱਲੋਂ ਤਾਕੀਆਂ ਲਗਾਈਆਂ ਜਾ ਰਹੀਆਂ ਹਨ। ਸੜਕ ਨਵੀਂ ਬਣਾਉਣ ਸਮੇਂ ਠੇਕੇਦਾਰ ਅਤੇ ਸਬੰਧਿਤ ਮਹਿਕਮੇ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਇਹ ਸੜਕ ਵਾਰ ਵਾਰ ਟੁੱਟ ਰਹੀ ਹੈ ਜਿਸ ਦਾ ਖੁਮਿਆਜ਼ਾ ਆਮ ਲੋਕਾਂ ਤੇ ਇਸ ਸੜਕ ਤੋਂ ਲੰਘਣ ਵਾਲੇ ਛੋਟੀਆਂ-ਵੱਡੀਆਂ ਗੱਡੀਆਂ ਚਾਲਕਾ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਸਮੇ ਇਹ ਸੜਕ ਨਵੇਂ ਸਿਰੇ ਤੋਂ ਬਣ ਰਹੀ ਸੀ ਤਾਂ ਉਸ ਸਮੇ ਆਈ ਬਰਸਾਤ ਕਾਰਨ ਇਹ ਸੜਕ ਹੇਠਲੀ ਮਿੱਟੀ ਦਲਦਲੀ ਹੋ ਗਈ ਸੀ। ਉਸ ਸਮੇਂ ਠੇਕੇਦਾਰ ਨੇ ਬਣਦੀ ਕੱਟਾਈ ਨਾ ਕਰਕੇ ਉਸ ਦਲਦਲੀ ਮਿੱਟੀ ਤੇ ਹੀ ਸੜਕ ਬਣਾ ਦਿੱਤੀ ਗਈ ਜਿਸ ਕਾਰਨ ਭਾਰੀ ਵਾਹਨ ਲੰਘਣ ਕਾਰਨ ਇਹ ਸੜਕ ਦਬ ਜਾਂਦੀ ਹੈ ਅਤੇ ਕਈ ਜਗ੍ਹਾ ਤੋਂ ਟੋਏ ਪੈਕੇ ਟੁੱਟ ਜਾਂਦੀ ਹੈ। ਲੋਕਾਂ ਦੀਆਂ ਸ਼ਿਕਾਇਤਾਂ ਕਰਨ ਅਤੇ ਮਾਮਲਾ ਮੀਡੀਆ ਚ ਆਉਣ ਤੇ ਠੇਕੇਦਾਰ ਵੱਲੋਂ ਸਬੰਧਤ ਮਹਿਕਮੇ ਨਾਲ ਮਿਲ ਕੇ ਫੇਰ ਤੋਂ ਤਾਕੀਆਂ ਲਗਾ ਦਿੱਤੀਆਂ ਜਾਂਦੀਆਂ ਹਨ ਪਰ ਕੁਝ ਮਹੀਨਿਆਂ ਬਾਅਦ ਫੇਰ ਉਹੀ ਤਾਕੀਆਂ ਲਗਾਉਣ ਦਾ ਤੇ ਸੜਕ ਟੁੱਟਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ, ਜ਼ਿਲ੍ਹਾ ਆਗੂ ਹਰਦੇਵ ਸਿੰਘ ਕੋਟਧਰਮੂ, ਸਰਪੰਚ ਗੁਰਮੀਤ ਸਿੰਘ ਨੰਦਗੜ੍ਹ ਜ਼ਿਲ੍ਹਾ ਸਕੱਤਰ ਸੀਪੀਆਈ ਐਮਐਲ ਲਿਬਰੇਸ਼ਨ, ਸੁਖਜੀਤ ਸਿੰਘ ਰਾਮਾਨੰਦੀ ਆਦਿ ਨੇ ਕਿਹਾ ਕਿ ਇਸ ਅੱਧਾ ਕਿਲੋਮੀਟਰ ਦੇ ਸੜਕ ਦੇ ਏਰੀਏ ਨੂੰ ਨਵੇਂ ਸਿਰੇ ਤੋਂ ਬਣਾਈ ਜਾਵੇ ਤਾਂ ਕਿ ਇਹ ਸੜਕ ਟੁੱਟਣ ਦਾ ਸਿਲਸਿਲਾ ਬੰਦ ਹੋ ਸਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਟੁੱਟ ਰਹੀ ਸੜਕ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ ਨਾ ਕਿ ਟੁੱਟੀ ਚੁੱਕੀ ਸੜਕ ਤੇ ਤਾਕੀਆ ਲਾਈਆਂ ਜਾਣ।ਕੈਪਸ਼ਨ: ਮਾਨਸਾ ਸਰਦੂਲਗੜ੍ਹ ਨੈਸ਼ਨਲ ਹਾਈਵੇ ਤੇ ਝੁਨੀਰ ਨੇੜੇ ਟੁੱਟੀ ਸੜਕ ਤੇ ਟਾਕੀਆਂ ਲਗਾਉਂਦੇ ਮੁਲਾਜ਼ਮ।























