

ਮਾਨਸਾ 09 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਰੂਟੀਨ ਟੀਕਾਕਰਨ / ਸਪੈਸ਼ਲ ਟੀਕਾਕਰਨ ਸਪਤਾਹ ਸਬੰਧੀ ਜ਼ਿਲ੍ਹੇ ਦੇ ਸਾਰੇ ਬੀ.ਈ.ਈ.ਅਤੇ ਐਲ.ਐਚ.ਵੀ. ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ।
ਡਾ. ਰਣਜੀਤ ਸਿੰਘ ਰਾਏ ਨੇ ਆਦੇਸ਼ ਦਿੱਤੇ ਹਨ ਕਿ ਗਰਭਵਤੀ ਔਰਤਾਂ ਅਤੇ ਨਵ ਜੰਮੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ l ਉਨ੍ਹਾਂ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਟਾਰਗੇਟ ਮਿੱਥੇ ਗਏ ਹਨ ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ l
ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ l ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਐਲ.ਐਚ.ਵੀ. ਨੂੰ ਹਦਾਇਤ ਕੀਤੀ ਕਿ ਆਪਣੇ ਸੈਕਟਰ ਅਧੀਨ ਆਉਂਦੇ ਸਬ ਸੈਂਟਰਾਂ ਦੀ ਟੀਕਾਕਰਨ ਸੈਸ਼ਨ ਦੌਰਾਨ ਸੁਪਰਵੀਜ਼ਨ ਕੀਤੀ ਜਾਵੇ ਜਿਸ ਵਿੱਚ ਡਿਊ ਲਿਸਟ ਅਨੁਸਾਰ ਬੱਚਿਆਂ ਦੀ ਕਵਰੇਜ ਚੈੱਕ ਕੀਤੀ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਮੇਂ ਸਿਰ ਪੋਰਟਲ ‘ਤੇ ਟੀਕਾਕਰਨ ਕੀਤੇ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਐਂਟਰੀ ਕੀਤੀ ਜਾ ਚੁੱਕੀ ਹੈ l
ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੂਟੀਨ ਟੀਕਾਕਰਨ ਦੌਰਾਨ ਕਈ ਵਾਰ ਕੁੱਝ ਬੱਚੇ ਛੁੱਟ ਜਾਂਦੇ ਹਨ ਜਾਂ ਕਿਸੇ ਕਾਰਨ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਨੂੰ ਕਵਰ ਕਰਨ ਲਈ ਸਪੈਸ਼ਲ ਟੀਕਾਕਰਨ ਸਪਤਾਹ ਜਨਵਰੀ 15 ਦਸੰਬਰ ਤੋਂ 22 ਦਸੰਬਰ 2025 ਤੱਕ ਸਪੈਸ਼ਲ ਟੀਕਾਕਰਨ ਸੈਸ਼ਨ ਲਗਾਏ ਜਾਣਗੇ, ਬੱਚਿਆਂ ਦੀ ਹੈਡ ਕਾਊਂਟ ਕਰਕੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਲਿਸਟ ਬਣਾ ਕੇ 100 ਪ੍ਰਤੀਸ਼ਤ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇਗਾ l ਉਨ੍ਹਾਂ ਵੱਲੋਂ ਬਲਾਕ ਪੱਧਰ ‘ਤੇ ਬੀ.ਈ.ਈ. ਵੱਲੋਂ ਟੀਕਾਕਰਨ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਮੀਡੀਆ ਦੇ ਵੱਖ ਵੱਖ ਸਾਧਨਾਂ ਰਾਹੀਂ ਜਾਗਰੂਕ ਕਰਨ ਲਈ ਕਿਹਾ l
ਮੀਟਿੰਗ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਨੇ ਕਿਹਾ ਕਿ ਜਨਵਰੀ 2024 ਤੋਂ ਅਕਤੂਬਰ 2024 ਦੇ ਮੁਕਾਬਲੇ ਜਨਵਰੀ 2025 ਤੋਂ ਅਕਤੂਬਰ 2025 ਤੱਕ ਪੈਂਟਾਵੈਲੈਂਟ ਦੀ ਕਵਰੇਜ ਘੱਟ ਹੈ ਜਿਸ ਨੂੰ ਪੂਰਾ ਕੀਤਾ ਜਾਣਾ ਜਰੂਰੀ ਹੈ l ਉਨਾਂ ਵੱਲੋਂ ਹੈਪੈਟਾਈਟਸ 0,ਪੋਲੀਓ 0 ਅਤੇ ਐਮ.ਆਰ.1,ਐਮ.ਆਰ. 2 ਹਰੇਕ ਬੱਚੇ ਨੂੰ ਸਮੇਂ ਸਿਰ ਲਗਾਉਣ ਬਾਰੇ ਹਦਾਇਤ ਕੀਤੀl ਉਨ੍ਹਾਂ ਕਿਹਾ ਕਿ ਟੀਕਾਕਰਨ ਸੈਸ਼ਨ ਦੌਰਾਨ ਐਨਾਫਾਇਲੈਕਸਿਸ ਕਿੱਟ ਜ਼ਰੂਰ ਮੌਜੂਦ ਹੋਣੀ ਚਾਹੀਦੀ ਹੈ ਤਾਂ ਕਿ ਵੈਕਸੀਨ ਦੇ ਕਿਸੇ ਵੀ ਪ੍ਰਤੀਕੂਲ ਪ੍ਰਭਾਵ ਨਾਲ ਤੁਰੰਤ ਨਜਿੱਠਿਆ ਜਾ ਸਕੇ l
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਕੰਵਲਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਲੋਕਾਂ ਨੂੰ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਬਾਰੇ ਪ੍ਰੇਰਿਤ ਕੀਤਾ ਜਾਵੇ l ਉਨਾਂ ਵੱਲੋਂ ਹਰੇਕ ਗਰਭਵਤੀ ਦੀ ਰਜਿਸਟਰੇਸ਼ਨ ਪਹਿਲੀ ਤਿਮਾਹੀ ਵਿੱਚ ਕਰਨ ਦੀ ਹਦਾਇਤ ਕੀਤੀ l
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਡਿਪਟੀ ਮਾਸ ਮੀਡੀਆ ਅਫ਼ਸਰ ਤਿਰਲੋਕ ਸਿੰਘ , ਮੀਨਾਕਸ਼ੀ ਰਾਣੀ ਕੰਪਿਊਟਰ ਅਪਰੇਟਰ, ਬੀ. ਈ. ਈ. ਹਰਬੰਸ ਲਾਲ ਬੁਢਲਾਡਾ, ਬੀ. ਈ. ਈ., ਜ਼ਿਲ੍ਹੇ ਦੇ ਸਮੂਹ,ਐੱਲ.ਐਚ.ਵੀ.ਹਾਜਰ ਸਨ।























