

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਛੱਡ ਚੁੱਕੇ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੀਕੇ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਅਦਾਲਤ ਨੇ ਦਿੱਲੀ ਪੁਲਿਸ ਨੇ 24 ਘੰਟਿਆਂ ਵਿੱਚ ਕੇਸ ਦਰਜ ਕਰਕੇ ਹੁਕਮਾਂ ਦੀ ਪਾਲਨਾ ਦੀ ਰਿਪੋਰਟ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡੀਐਸਜੀਐਮਸੀ ਦੀ ਕਾਰਜਕਾਰਨੀ ਵੀ ਇਸੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਰਕੇ ਹੀ ਭੰਗ ਕਰਨੀ ਪਈ ਸੀ।
ਦਿੱਲੀ ਦੇ ਸਰਨਾ ਧੜੇ ਦੇ ਲੀਡਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਕਮੇਟੀ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਜਾਂਦੇ ਹਨ। ਇਸ ਬਾਬਤ ਉਨ੍ਹਾਂ ਕੇਸ ਦਰਜ ਕਰਵਾਉਣ ਲਈ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਸੀ। ਇਸ ਦੀ ਸੁਣਵਾਈ ਤੋਂ ਬਾਅਦ ਹੀ ਅਦਾਲਤ ਨੇ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਯਾਦ ਰਹੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ 51 ਲੱਖ ਰੁਪਏ ਦੇ ਕੈਸ਼, 82 ਹਜ਼ਾਰ ਕਿਤਾਬਾਂ ਤੇ ਫਰਜ਼ੀ ਕੰਪਨੀ ਬਣਾ ਕੇ ਘਪਲੇ ਦੇ ਇਲਜ਼ਾਮ ਲੱਗੇ ਹਨ। ਦਿੱਲੀ ਪੁਲਿਸ ਵੱਲੋਂ ਕੀਤੀ ਮੁੱਢਲੀ ਪੜਤਾਲ ਵਿੱਚ ਇਸ ਮਾਮਲੇ ਵਿੱਚ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਅਮਰਜੀਤ ਪੱਪੂ ਤੇ ਹਰਜੀਤ ਸਿੰਘ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ ਹੈ।
EDITED BY : SARA YAHA | | Last Updated : 7:18 PM 13 ਦਸੰਬਰ 2018
























