

ਬੁਢਲਾਡਾ, 22 ਦਸੰਬਰ ( ਸਾਰਾ ਯਹਾਂ/ਅਮਨ ਮਹਿਤਾ ): ਜੀ.ਆਈ.ਐਮ.ਟੀ. ਕਾਲਜ ਬੁਢਲਾਡਾ ਵਿੱਚ ‘ਨੈਸ਼ਨਲ ਮੈਥਮੈਟਿਕਸ ਡੇ’ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਗਣਿਤ ਵਿਸ਼ੇ ਨਾਲ ਸੰਬੰਧਿਤ ਪੋਸਟਰ ਮੇਕਿੰਗ ਰਾਹੀਂ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਗਣਿਤ ਦੀ ਮਹੱਤਤਾ, ਉਸਦੇ ਰੋਜ਼ਾਨਾ ਜੀਵਨ ਵਿੱਚ ਉਪਯੋਗ ਅਤੇ ਮਹਾਨ ਗਣਿਤਗਿਆਨੀ ਸ੍ਰੀਨਿਵਾਸ ਰਾਮਾਨੁਜਨ ਦੇ ਯੋਗਦਾਨ ਨੂੰ ਪੋਸਟਰਾਂ ਰਾਹੀਂ ਦਰਸਾਇਆ। ਇਸ ਦੌਰਾਨ ਵਿਦਿਆਰਥੀਆਂ ਦੇ ਬੌਧਿਕ ਟੈਲੈਂਟ ਨੂੰ ਪਰਖਣ ਲਈ ਕਿਊਜ਼ ਕੰਪੀਟੀਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਪ੍ਰਿੰਸੀਪਲ ਡਾ. ਰੇਖਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਣਿਤ ਸਿਰਫ਼ ਇੱਕ ਵਿਸ਼ਾ ਨਹੀਂ, ਸਗੋਂ ਜੀਵਨ ਦੀ ਹਰ ਸਮੱਸਿਆ ਦਾ ਤਰਕਸੰਗਤ ਹੱਲ ਲੱਭਣ ਦੀ ਕੁੰਜੀ ਹੈ। ਉਨ੍ਹਾਂ ਨੇ ਅਜਿਹੇ ਸਿੱਖਿਆਤਮਕ ਅਤੇ ਰਚਨਾਤਮਕ ਕਾਰਜਕ੍ਰਮਾਂ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਗੱਲ ਕੀਤੀ।























