

ਬੁਢਲਾਡਾ, 23 ਅਗਸਤ (ਸਾਰਾ ਯਹਾਂ/ਮੇਹਤਾ ਅਮਨ) ਪੰਜਾਬ ਆਪਣੇ ਅਮੀਰ ਵਿਰਸੇ ਅਤੇ ਰੰਗ-ਬਿਰੰਗੇ ਸੱਭਿਆਚਾਰ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇੱਥੇ ਧਰਮ ਅਤੇ ਵਿਰਸੇ ਨਾਲ ਜੁੜੇ ਹਰੇਕ ਤਿਉਹਾਰ ਆਪਸੀ ਪ੍ਰੇਮ ਅਤੇ ਭਾਈਚਾਰੇ ਦੇ ਰੂਪ ਵਿੱਚ ਮਨਾਏ ਜਾਂਦੇ ਹਨ। ਇਸੇ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਗੁਰਦਾਸੀਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਕਾਲਜ ਦੇ ਵਿਹੜੇ ਵਿੱਚ ਅੱਜ ਤੀਆਂ ਦਾ ਤਿਉਹਾਰ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ। ਤਿਉਹਾਰ ਦਾ ਰਸਮੀ ਉਦਘਾਟਨ ਪ੍ਰਿੰਸੀਪਲ ਡਾ. ਰੇਖਾ ਨੇ ਕੀਤਾ। ਚੇਅਰਮੈਨ ਡਾ. ਨਵੀਨ ਸਿੰਗਲਾ ਦੀ ਅਗਵਾਈ ਹੇਠ ਮਨਾਏ ਗਏ ਉਕਤ ਤਿਉਹਾਰ ਮੌਕੇ ਪ੍ਰਿੰਸੀਪਲ ਡਾ. ਰੇਖਾ ਵੱਲੋਂ ਵਿਦਿਆਰਥੀਆਂ ਨੂੰ ਅਸੀਸਾਂ ਦਿੱਤੀਆਂ ਗਈਆਂ ਅਤੇ ਖੁਦ ਵੀ ਸਟਾਫ ਨਾਲ ਗਿੱਧੇ ਤੇ ਬੋਲੀਆਂ ਵਿੱਚ ਹਿੱਸਾ ਲਿਆ। ਡਾ. ਰੇਖਾ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸਾਡਾ ਸੱਭਿਆਚਾਰ ਬਹੁਤ ਮਹਾਨ ਹੈ ਅਤੇ ਜਦ ਤਕ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹਾਂਗੇ, ਤਦ ਤਕ ਸਾਡੀ ਪਹਿਚਾਣ ਮਜਬੂਤ ਰਹੇਗੀ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਗਿੱਧਾ, ਭੰਗੜਾ, ਗਰੁੱਪ ਡਾਂਸ, ਟੱਪੇ, ਲੋਕ-ਗੀਤ ਤੇ ਲੋਕ-ਬੋਲੀਆਂ ਪੇਸ਼ ਕੀਤੀਆਂ। ਕੁੜੀਆਂ ਨੇ ਪੀਂਘਾਂ ਝੂਲ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਅਤੇ ਸਿੱਖਿਆ ਨਾਲ ਜੁੜੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਉਨ੍ਹਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਵੇਸਟ ਮਟੀਰੀਅਲ ਦੀ ਵਰਤੋਂ ਕਰਕੇ ਨਵੀਂ-ਨਵੀਂ ਚੀਜ਼ਾਂ ਬਣਾਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਤਿਆਰ ਕੀਤੇ ਮਾਡਲ ਅਤੇ ਸਜਾਵਟੀ ਸਮਾਨ ਵਿਚ ਉਨ੍ਹਾਂ ਦੀ ਰਚਨਾਤਮਕਤਾ ਸਾਫ਼ ਝਲਕ ਰਹੀ ਸੀ। ਨਾਲ ਹੀ ਵਾਦ-ਵਿਵਾਦ, ਪੋਸਟਰ ਮੇਕਿੰਗ ਅਤੇ ਹੋਰ ਸੱਭਿਆਚਾਰਕ ਆਇਟਮਾਂ ਨੇ ਸਮਾਰੋਹ ਨੂੰ ਰੰਗੀਨ ਬਣਾ ਦਿੱਤਾ। ਅੰਤ ਵਿੱਚ ਪ੍ਰੋਗਰਾਮ ਸੰਯੋਜਕਾਂ ਨੇ ਸਾਰੇ ਭਾਗੀਦਾਰਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਸਾਰਾ ਸਮਾਰੋਹ ਉਤਸ਼ਾਹ, ਪ੍ਰੇਰਨਾ ਅਤੇ ਯੁਵਾਵਾਂ ਦੇ ਜੋਸ਼ ਨਾਲ ਭਰਪੂਰ ਰਿਹਾ।























