

ਮਾਨਸਾ, 16 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਰਨਤਾਰਨ ਦੀ ਚੋਣ ਅਕਾਲੀ ਦਲ ਹਾਰਿਆ ਨਹੀਂ ਜਿੱਤਿਆ ਹੈ। ਅਕਾਲੀ ਦਲ ਨੇ ਇਸ ਚੋਣ ਵਿਚ ਸਾਬਿਤ ਕਰ ਦਿੱਤਾ ਕਿ ਪੰਜਾਬ ਦੇ ਪੰਥਕ ਹਿਤੈਸ਼ੀ ਲੋਕ ਅਕਾਲੀ ਦਲ ਦੀਆਂ ਨੀਤੀਆਂ ਅਤੇ ਉਸ ਦੇ ਸਰਕਾਰ ਵੇਲੇ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਹਨ। ਉਹ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਅਰੋੜਾ ਅਤੇ ਉਘੇ ਸਮਾਜ ਸੇਵੀ ਮਿੱਠੂ ਕਬਾੜੀਆ ਦੇ ਭਰਾ ਦਰਸ਼ਨ ਅਰੋੜਾ ਦੇ ਸ਼ਰਧਾਂਜਲੀ ਅਤੇ ਭੋਗ ਸਮਾਗਮ ਵਿਚ ਪੁੱਜੇ ਸਨ। ਇਸ ਮੌਕੇ ਉਨ੍ਹਾਂ ਅਰੋੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਅਕਾਲੀ ਦਲ ਦੇ ਖਤਮ ਹੋਣ ਦੇ ਭੁਲੇਖੇ ਪਾਲੀ ਬੈਠੇ ਸਨ ਉਹ ਆਪਣੇ ਦਿਲ ਵਿਚੋਂ ਵਹਿਮ ਕੱਢ ਦੇਣ। ਤਰਨਤਾਰਨ ਦੀ ਜਿਮਨੀ ਚੋਣ ਵਾਂਗ 2027 ਦੀਆਂ ਚੋਣਾਂ ਵਿਚ ਵੀ ਅਕਾਲੀ ਦਲ ਧੜੱਲੇਦਾਰ ਪ੍ਰਦਰਸ਼ਨ ਕਰਕੇ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਅੱਜ ਸਿੱਖ ਵਿਰੋਧੀ ਤਾਕਤਾਂ ਅਤੇ ਸਮੇਂ ਦੀਆਂ ਸਰਕਾਰਾਂ ਅਕਾਲੀ ਦਲ ਨੂੰ ਖੇਰੂੰ ਖੇਰੂੰ ਕਰਨ ਅਤੇ ਸ੍ਰੋਮਣੀ ਕਮੇਟੀ ਤੇ ਕਾਬਜ ਹੋਣ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾ ਰਹੀਆਂ ਹਨ। ਪਿਛਲੇ ਸਮੇਂ ਵਿਚ ਅਨੇਕਾਂ ਵਿਅਕਤੀ ਅਜਿਹੀਆਂ ਤਾਕਤਾਂ ਦੇ ਹੱਥਾਂ ਵਿਚ ਖੇਡੇ ਅਤੇ ਅਕਾਲੀ ਦਲ ਨੂੰ ਪੂਰੀ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਦਲ ਦੱਬਿਆ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਬਾਦਲ ਸਰਕਾਰ ਦੇ ਕੰਮਾਂ ਦੀ ਪੜਚੋਲ ਕਰਨ ਲੱਗੇ ਹਨ। ਮੁੜ ਤੋਂ ਆਈਆਂ ਸਰਕਾਰਾਂ ਅਜਿਹਾ ਕੋਈ ਕੰਮ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਆਪਣੀ ਜਿੱਤ ਦਾ ਪਰਚਮ ਲਹਿਰਾਏਗਾ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਹਨੀ ਮਾਨਸ਼ਾਹੀਆ, ਜਸਵਿੰਦਰ ਸਿੰਘ ਚਕੇਰੀਆਂ, ਹਰਭਜਨ ਖਿਆਲਾ, ਗੁਰਦੀਪ ਸਿੰਘ ਟੋਡਰਪੁਰ, ਬੱਲਮ ਸਿੰਘ ਕਲੀਪੁਰ, ਰਘਵੀਰ ਸਿੰਘ ਮਾਨਸਾ, ਗੁਰਪ੍ਰੀਤ ਚਹਿਲ, ਆਤਮਜੀਤ ਕਾਲਾ ਆਦਿ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜ਼ਰ ਸਨ।























