

ਮਾਨਸਾ, 23 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਜ਼ਿੰਦਗੀ ’ਚ ਕੁੱਝ ਬਣ ਕੇ ਦਿਖਾਉਣ ਲਈ ਠਾਣੀ ਸੋਚ ਲਾਜ਼ਮੀ ਕਾਮਯਾਬੀ ਵੱਲ ਲੈ ਕੇ ਜਾਂਦੀ ਹੈ। ਅਸੀਂ ਜ਼ਿੰਦਗੀ ਵਿਚ ਜੋ ਬਣਨ ਲਈ ਸੋਚਦੇ ਹਾਂ ਉਸ ਲਈ ਆਪਣੇ ਆਪ ਰਾਹ ਖੁੱਲ੍ਹਦੇ ਨੇ, ਆਪਣੇ ਆਪ ਤੁਹਾਡੇ ਆਲੇ ਦੁਆਲੇ ਓਹੋ ਜਿਹਾ ਮਾਹੌਲ ਬਣਦਾ ਹੈ ਅਤੇ ਆਪ ਮੁਹਾਰੇ ਹੀ ਤੁਹਾਡੀ ਮੰਜ਼ਿਲ ਲਈ ਪੌੜੀਆਂ ਬਣ ਕੇ ਲੋਕ ਤੁਹਾਨੂੰ ਮਿਲ ਜਾਂਦੇ ਨੇ, ਬਸ ਗੱਲ ਹੈ ਕਿਸੇ ਟੀਚੇ ਦੀ ਪ੍ਰਾਪਤੀ ਲਈ ਠਾਣ ਲੈਣ ਦੀ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਕਲਾਸ ਵਿਚ ਮੈਰਿਟ ’ਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਸ਼ਕਿਲਾਂ, ਔਕੜਾਂ, ਤਕਲੀਫ਼ਾਂ ਹਰ ਖੇਤਰ ਵਿਚ ਆਉਂਦੀਆਂ ਨੇ, ਜੋ ਕਿ ਜ਼ਿੰਦਗੀ ਦਾ ਹਿੱਸਾ ਨੇ। ਅਹੁਦਿਆਂ ਜਾਂ ਟੀਚਿਆਂ ਦੀ ਪ੍ਰਾਪਤੀ ਤੋਂ ਬਾਅਦ ਵੀ ਔਕੜਾਂ, ਮੁਸ਼ਕਿਲਾਂ ਆਉਂਦੀਆਂ ਨੇ ਪਰ ਉਨ੍ਹਾਂ ਨੂੰ ਹੱਲ ਕਰਕੇ ਅੱਗੇ ਕਿਵੇਂ ਵਧਣਾ ਹੈ ਇਹੋ ਸਿੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਰਿਟ ’ਚ ਆਉਣ ਵਾਲਾ ਹਰ ਵਿਦਿਆਰਥੀ ਅੱਗੇ ਹੋਰ ਮਿਹਨਤ ਕਰੇ। ਜੋ ਉਹ ਬਣਨਾ ਚਾਹੁੰਦੇ ਨੇ ਉਸ ਦੀ ਪੜ੍ਹਾਈ ਕਰਨ, ਉਸ ਦੇ ਲਈ ਤਜ਼ਰਬੇ ਹਾਸਲ ਕਰਨ ਅਤੇ ਮਨ ਵਿਚ ਧਾਰ ਲੈਣ ਕਿ ਉਸ ਖੇਤਰ ਵਿਚ ਕਾਮਯਾਬ ਹੋ ਕੇ ਹੀ ਰਹਿਣਾ ਹੈ ਤਾਂ ਤੁਹਾਨੂੰ ਕਾਮਯਾਬ ਹੋਣ ’ਚ ਕੋਈ ਨਹੀਂ ਰੋਕ ਸਕਦਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿੱਥੇ ਵਿਦਿਆਰਥੀਆਂ ਨਾਲ ਆਪਣੇ ਆਈ.ਏ.ਐਸ. ਬਣਨ ਤੱਕ ਦੇ ਸਫ਼ਰ ਬਾਰੇ ਤਜ਼ੁਰਬੇ ਸਾਂਝੇ ਕੀਤੇ ਉੱਥੇ ਹੀ ਵਿਦਿਆਰਥੀਆਂ ਪਾਸੋਂ ਉਨ੍ਹਾਂ ਦੀ ਰੁਚੀ, ਭਵਿੱਖ ਲਈ ਉਨ੍ਹਾਂ ਟੀਚਿਆਂ ਬਾਰੇ ਜਾਣਿਆ ਅਤੇ ਉਨ੍ਹਾਂ ਦੀ ਦਿਲਚਸਪੀ ਵਾਲੇ ਖੇਤਰਾਂ ਬਾਰੇ ਆਪਣੇ ਸੁਝਾਅ ਦਿੱਤੇ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਭੁਪਿੰਦਰ ਕੌਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਮਿਹਨਤ ਹੀ ਹਰ ਟੀਚੇ ਦੀ ਪ੍ਰਾਪਤੀ ਦੀ ਕੂੰਜੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਇਸੇ ਤਰ੍ਹਾਂ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਸਿਰਤੋੜ ਯਤਨ ਕਰਨ ਤਾਂ ਕਾਮਯਾਬੀ ਜ਼ਰੂਰ ਉਨ੍ਹਾਂ ਦੇ ਕਦਮ ਚੁੰਮੇਗੀ।
ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਹਸਤਾਖ਼ਰ ਕੀਤੇ ਪ੍ਰਸ਼ੰਸਾ ਪੱਤਰ ਸੌਂਪੇ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਭੋਗਲ ਤੋਂ ਇਲਾਵਾ ਮੈਰਿਟ ’ਚ ਆਏ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਸਾਹਿਬਾਨ ਮੌਜੂਦ ਸਨ।























