

ਮਾਨਸਾ 14 ਮਈ (ਸਾਰਾ ਯਹਾਂ/ਜਗਤਾਰ ਧੰਜਲ)ਜਹਿਰੀਲੀ ਸ਼ਰਾਬ ਨਾਲ ਅੰਮ੍ਰਿਤਸਰ ਦੇ ਮਜੀਠਾ ਹਲਕੇ ਚ ਹੋਈਆਂ ਮੌਤਾਂ ਨੇ ਫਿਰ ਸਵਾਲ ਖੜਾ ਕਰ ਦਿੱਤਾ ਹੈ ਕਿ ਸਰਕਾਰ ਬੇਸ਼ੱਕ ਕੋਈ ਵੀ ਹੋਵੇ, ਜਹਿਰੀਲੀ, ਸਸਤੀ ਤੇ ਮਿਲਾਵਟੀ ਸ਼ਰਾਬ ਦਾ ਵਿਕਣਾ ਨਾ ਅੱਜ ਬੰਦ ਹੋਇਆ ਹੈ ਤੇ ਨਾ ਪਹਿਲਾ। ਸਰਕਾਰਾਂ ਬੇਸ਼ੱਕ ਕੁਝ ਵੀ ਦਾਅਵੇ,ਵਾਅਦੇ ਕਰਦੀਆਂ ਰਹਿਣ, ਪਰ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਇਸ ਪਿੱਛੇ ਪੂਰਾ ਤੰਤਰ ਹੈ। ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਸੰਗਰੂਰ ਦੇ,ਦਿੜਬਾ, ਤਰਨਤਾਰਨ, ਗੁਰਦਾਸਪੁਰ ਜਿਲਿਆਂ ਚ ਜਹਿਰੀਲੀ ਸ਼ਰਾਬ ਨਾਲ ਮੌਤਾਂ ਹੋ ਚੁੱਕੀਆਂ ਹਨ। ਬੇਸ਼ੱਕ ਸਰਕਾਰ ਨੇ ਮਜੀਠਾ ਖੇਤਰ ਚ ਝਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਪਰ ਗਰੀਬ ਪਰਿਵਾਰਾਂ ਦੇ ਜਾਨ ਗਵਾ ਚੁੱਕੇ ਕਮਾਉ ਬੰਦੇ ਜਹਿਰੀਲੀ ਤੇ ਨਕਲੀ ਸ਼ਰਾਬ ਦੀ ਭੇਟ ਚੜ ਗਏ, ਉਹ ਮੁੜ ਕਦੇਂ ਵਾਪਿਸ ਨਹੀਂ ਆਉਣਗੇ। ਸ਼ਾਇਦ ਇਹ ਘਟਨਾ ਵੀ ਪਹਿਲਾਂ ਦੀਆਂ ਵਾਪਰੀਆਂ ਅਜਿਹੀਆਂ ਘਟਨਾਵਾਂ ਵਾਂਗ ਵਕਤ ਦੀ ਕੁਖ ਚ ਸਮਾਂ ਜਾਵੇਗੀ ਤੇ ਫਿਰ ਘਟਨਾ ਭੁਲਾ ਦਿੱਤੀ ਜਾਵੇਗੀ। ਪਰ ਸਵਾਲ ਇਹ ਹੈ ਕਿ ਨਕਲੀ ਤੇ ਜਹਿਰੀਲੀ ਸ਼ਰਾਬ ਕਿੰਨਾ ਦੀ ਮਿਲੀਭੁਗਤ ਨਾਲ ਆਸਾਨੀ ਨਾਲ ਵਿਕਦੀ ਹੈ ਤੇ ਉਸ ਬਾਰੇ ਪਤਾ ਉਦੋਂ ਲਗਦਾ ਹੈ ,ਜਦੋਂ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ। ਪੰਜਾਬ ਚ ਚੱਲ ਰਿਹਾ ਇਹ ਖਤਰਨਾਕ ਧੰਦਾ ਪੁਲਸ, ਅਧਿਕਾਰੀਆਂ, ਤੇ ਸਿਆਸਤਦਾਨਾਂ ਦੀ ਆਪਸੀ ਮਿਲੀਭੁਗਤ ਹੈ।ਹੁਣ ਇਹ ਚਿੰਤਾਜਨਕ ਹੈ ਕਿ ਇਹ ਜਹਿਰੀਲੀ ਤੇ ਨਕਲੀ ਸ਼ਰਾਬ ਕਿਹੜੇ ਕੈਮੀਕਲ ਪਾ ਕੇ ਤਿਆਰ ਹੁੰਦੀ ਹੈ ਤੇ ਇਸਨੂੰ ਅੱਜ ਤੱਕ ਫੜਿਆ ਜਾਂ ਰੋਕਿਆ ਨਹੀਂ ਜਾ ਸਕਿਆ। ਨਾ ਹੀ ਕੋਈ ਸਰਕਾਰ ਇਸ ਬਾਰੇ ਕਦੇਂ ਚਿੰਤਤ ਨਹੀ ਦਿਖੀ ਹੈ।ਇਕ ਪਾਸੇ ਸਰਕਾਰਾਂ ਯੁੱਧ ਨਸ਼ਿਆਂ ਵਿਰੁੱਧ ਲੜ ਰਹੀਆਂ ਨੇ, ਦੂਜੇ ਪਾਸੇ ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰ ਨੂੰ ਸਹਾਇਤਾ ਦੇ ਕੇ ਇਹ ਸੁਨੇਹਾ ਦੇ ਰਹੀਆਂ ਨੇ ਕਿ ਸ਼ਰਾਬ ਸੂਬੇ ਚ ਵਿਕੇਗੀ,ਪਰ ਨਕਲੀ ਨਹੀਂ।ਨਜਾਇਜ ਸ਼ਰਾਬ ਨਹੀਂ ਵਿਕੇਗੀ। ਪਰ ਅੱਜ ਤੱਕ ਇਹ ਸਮਝ ਨਹੀਂ ਆਉਂਦੀ ਕਿ ਜਾਇਜ ਸ਼ਰਾਬ ਕਿਹੜੀ ਹੁੰਦੀ ਹੈ। ਜਿਸਦੇ ਉਲਟ ਸਰਕਾਰਾਂ ਤੇ ਪੁਲਿਸ ਕਿਸੇ ਸ਼ਰਾਬ ਸ਼ਰਾਬ ਨੂੰ ਨਜਾਇਜ ਮੰਨਦਾ ਹੈ। ਮਜੀਠਾ ਦੀ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼ਰਾਬ ਕੋਈ ਵੀ ਹੋਵੇ, ਆਦਮੀ ਉਸਨੂੰ ਨਹੀਂ, ਉਹ ਆਦਮੀ ਨੂੰ ਪੀਂਦੀ ਹੈ। ਇਸਦੇ ਬਾਵਜੂਦ ਨਜਾਇਜ ਸ਼ਰਾਬ ਨਹੀਂ ਵਿਕੇਗੀ, ਬਾਕੀ ਸ਼ਰਾਬ (ਜਾਇਜ)ਖੁੱਲ੍ਹ ਕੇ ਵਿਕੇਗੀ। ਸਰਕਾਰਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀਆਂ, ਤਾ ਹੀ ਤਾਂ ਪੈਰ ਪੈਰ ਤੇ ਠੇਕੇ ਹਨ, ਉਂਝ ਯੁੱਧ ਨਸ਼ਿਆਂ ਵਿਰੁੱਧ ਵੀ ਹੈ।























