

ਮਾਨਸਾ, 23 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਪੀ.ਐਮ.ਸ੍ਰੀ ਜਵਾਹਰ ਨਵੋਦਿਆ ਫਫੜੇ ਭਾਈ ਕੇ ਦੀ ਵਿਦਿਆਲਿਆ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਚੇਅਰਮਪਰਸਨ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਹੋਈ ਜਿੱਥੇ ਬੱਚਿਆਂ ਦੀ ਸਿੱਖਿਆ-ਸੰਬੰਧੀ ਪ੍ਰਗਤੀ ਅਤੇ ਭਵਿੱਖੀ ਯੋਜਨਾਵਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਇਸ ਦੌਰਾਨ ਪ੍ਰਿੰਸੀਪਲ ਜਵਾਹਰ ਨਵੋਦਿਆ ਸ੍ਰੀਮਤੀ ਕੁਸੁਮ ਗੁਪਤਾ ਨੇ ਵਿਦਿਆਲਿਆ ਨਾਲ ਸਬੰਧਤ ਲੋੜਾਂ ਅਤੇ ਸਮੱਸਿਆਵਾਂ ਡਿਪਟੀ ਕਮਿਸ਼ਨਰ ਅੱਗੇ ਰੱਖੀਆਂ ਜਿਨ੍ਹਾਂ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਕ ਵਿੱਦਿਅਕ ਸੰਸਥਾ ਵਿਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਜਾਂ ਸਮੱਸਿਆ ਵਿਦਿਆਰਥੀਆਂ ਨੂੰ ਪੇਸ਼ ਨਾ ਆਵੇ।
ਵਿਦਿਆਲਿਆ ਦੀ ਅੰਦਰੂਨੀ ਸੜਕ ਦੀ ਮੁਰੰਮਤ ਲਈ ਉਨ੍ਹਾਂ ਪਬਲਿਕ ਵਰਕਸ ਵਿਭਾਗ ਨੂੰ ਅਨੁਮਾਨਤ ਲਾਗਤ ਸਬੰਧੀ ਮੈਪ ਤਿਆਰ ਕਰਨ ਲਈ ਕਿਹਾ। ਸੀਵਰੇਜ ਦੀ ਨਿਕਾਸੀ ਦੀ ਸਮੱਸਿਆ ਬਾਰੇ ਉਨ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇੱਥੇ ਦੌਰਾ ਕਰਕੇ ਯੋਗ ਹੱਲ ਕਰਨ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਤਰਲ ਤੇ ਠੋਸ ਕੂੜਾ ਕਰਕਟ ਦੇ ਨਿਪਟਾਰੇ ਲਈ ਕਾਰਜਸਾਧਕ ਅਫ਼ਸਰ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣੀ ਇਕ ਟੀਮ ਇਸ ਵਿਦਿਆਲਿਆ ਵਿਚ ਭੇਜਣ ਜੋ ਕਿ ਗਿੱਲੇ ਤੇ ਸੁੱਕੇ ਕੂੜੇ ਦੇ ਨਿਪਟਾਰੇ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕਰਨ ਲਈ ਵਿਦਿਆਲਿਆ ਨਾਲ ਤਾਲਮੇਲ ਕਰੇ।
ਪ੍ਰਿੰਸੀਪਲ ਵੱਲੋਂ ਮਾਮਲਾ ਧਿਆਨ ਵਿਚ ਲਿਆਉਣ ‘ਤੇ ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਵਿਦਿਆਲਿਆ ਅੰਦਰ ਸੁੱਕੇ ਦਰਖ਼ਤਾਂ ਦੀ ਕਟਾਈ ਕਰਵਾਈ ਜਾਵੇ ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਨਾ ਵਾਪਰ ਸਕੇ। ਇਸ ਤੋਂ ਇਲਾਵਾ ਵਿਦਿਆਲਿਆ ਅੰਦਰ ਪੀਣ ਵਾਲੇ ਪਾਣੀ ਲਈ ਆਰ.ਓ., ਓਪਨ ਜਿਮ, ਖੇਡ ਮੈਦਾਨ ਅੰਦਰ ਸਟੇਜ ਅਤੇ ਵਿਦਿਆਲਿਆ ਨੂੰ ਆਉਂਦੀ ਸੜਕ ‘ਤੇ ਫਲੱਡ ਲਾਈਟਾਂ ਲਗਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ‘ਤੇ ਪ੍ਰਤੀਕਿਰਿਆ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਵਿੱਦਿਅਕ ਸੰਸਥਾ ਸਾਡੇ ਵਿਦਿਆਰਥੀਆਂ ਦੇ ਭਵਿੱਖ ਦਾ ਆਧਾਰ ਹੈ ਅਤੇ ਇੱਥੋਂ ਦੀ ਹਰ ਸਮੱਸਿਆ ਦਾ ਹੱਲ ਤਰਜੀਹੀ ਆਧਾਰ ‘ਤੇ ਕੀਤਾ ਜਾਵੇਗਾ।
ਉਨ੍ਹਾਂ ਇਸ ਮੌਕੇ ‘ਤੇ ਹਾਜ਼ਰ ਸਿਹਤ ਅਧਿਕਾਰੀ ਨੂੰ ਵਿਦਿਆਲਿਆ ਵਿਖੇ ਮੈਗਾ ਸਿਹਤ ਕੈਂਪ ਲਾਉਣ ਲਈ ਕਿਹਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਵਿਦਿਆਲਿਆ ਦੀ ਨਵੀਂ ਬਣੀ ਨਵਾਚਾਰ ਅਤੇ ਤਕਨਾਲੋਜੀਕਲ ਹੁਨਰ ਵਿਕਾਸ ਨੂੰ ਸਮਰਪਿਤ ਏ.ਐੱਲ.ਟੀ. (ਅਟਲ) ਲੈਬ (Atal Tinkering Lab) ਦਾ ਉਦਘਾਟਨ ਕੀਤਾ ਅਤੇ ਇੱਥੇ ਬੱਚਿਆਂ ਵੱਲੋਂ ਬਣਾਏ ਗਏ ਵੱਖ ਵੱਖ ਤਰ੍ਹਾਂ ਦੇ ਇਲੈਕਟ੍ਰੋਨਿਕ ਉਪਕਰਨਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਕਿ ਵਿਦਿਆਰਥੀਆਂ ਦਾ ਇਹ ਹੁਨਰ ਦੇਸ਼ ਦੇ ਤਕਨੀਕੀ ਵਿਕਾਸ ਵਿਚ ਯੋਗਦਾਨ ਪਾਉਣ ਲਈ ਕਾਰਗਰ ਸਿੱਧ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਸੁਪਰਡੰਟ ਡੀ.ਸੀ. ਦਫ਼ਤਰ ਜਗਸੀਰ ਸਿੰਘ, ਸਰਪੰਚ ਪਿੰਡ ਫਫੜੇ ਭਾਈ ਕੇ ਜਸਵੀਰ ਕੌਰ, ਜੇ.ਈ. ਪਬਲਿਕ ਵਰਕਸ ਲਵ ਗੋਇਲ, ਲਵ ਗੋਇਲ, ਸਿਹਤ ਅਧਿਕਾਰੀ ਮਾਯੰਕਜੋਤ ਸਿੰਘ, ਮਾਪੇ ਅਧਿਆਪਕ ਕੌਂਸਲ ਦੇ ਮੈਂਬਰ ਅਮਰੀਕ ਤੇ ਸਿਮਰਨਜੀਤ ਕੌਰ ਤੋਂ ਇਲਾਵਾ ਵਿਦਿਆਲਿਆ ਦੀ ਵੀ.ਐਮ.ਸੀ. ਕਮੇਟੀ ਦੇ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।























