

ਮਾਨਸਾ, 11 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) ਪਾਣੀ ਦੀ ਇੱਕ ਇੱਕ ਬੂੰਦ ਬਚਾਉਣ ਲਈ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਤਹਿਤ ਜ਼ਿਲ੍ਹਾ ਮਾਨਸਾ ਵਿਚ ਨਾ ਸਿਰਫ ਮੀਂਹ ਦੇ ਪਾਣੀ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਬਲਕਿ ਸੋਕ ਪਿੱਟਾਂ ਰਾਹੀਂ ਘਰਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ਤੇ ਫਾਲਤੂ ਪਾਣੀ ਵੀ ਵਰਤੋਂ ਵਿੱਚ ਲਿਆਉਣ ਦੀ ਵਿਉੰਤਬੰਦੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਜਲ ਸ਼ਕਤੀ ਅਭਿਆਨ ਦੀ ਟੀਮ ਨੇ ਦੂਜੇ ਗੇੜ ਵਿਚ ਮਾਨਸਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਪਾਣੀ ਬਚਾਉਣ ਸਬੰਧੀ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਸ੍ਰੀਮਤੀ ਅੰਜਲੀ ਭਾਵੜਾ ਜੋ ਕਿ ਭਾਰਤ ਸਰਕਾਰ ਦੀ ਟੀਮ ਦੇ ਮੁਖੀ ਹਨ ਜ਼ਿਨ੍ਹਾਂ ਦੁਆਰਾ ਮਾਨਸਾ ਵਿਖੇ ਪਾਣੀ ਦੀ ਸੰਭਾਲ ਲਈ ਜਲ ਸ਼ਕਤੀ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱÎਸਿਆ ਕਿ ਜਲ ਸ਼ਕਤੀ ਅਭਿਆਨ ਦੀ ਟੀਮ ਦੁਆਰਾ ਚਾਰ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਪੰਜ ਬਲਾਕਾਂ ਵਿਚ ਵੱਖ ਵੱਖ ਪਿੰਡਾਂ ਵਿਚ ਪਾਣੀ ਬਚਾਉਣ ਸਬੰਧੀ ਕੰਮਾਂ ਦੀ ਪ੍ਰਗਤੀ ਵਾਚੀ ਗਈ ਅਤੇ ਜਲ ਸ਼ਕਤੀ ਅਭਿਆਨ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਨੂੰ ਵੀ ਮੌਕੇ ਤੇ ਜਾ ਕੇ ਵੇਖਿਆ ਗਿਆ।
ਟੀਮ ਵੱਲੋਂ ਕੇਂਦਰੀ ਨੋਡਲ ਅਫ਼ਸਰ ਜਲ ਸ਼ਕਤੀ ਅਭਿਆਨ ਸ੍ਰੀਮਤੀ ਅੰਜਲੀ ਭਾਵੜਾ ਦੀ ਅਗਵਾਈ ਵਿਚ ਮਗਨਰੇਗਾ ਸਕੀਮ ਅਧੀਨ ਕੀਤੀ ਗਈ ਪਲਾਂਟੇਸ਼ਨ, ਜੰਗਲਾਤ ਵਿਭਾਗ ਦੁਆਰਾ ਕੀਤੀ ਪਲਾਂਟੇਸ਼ਨ, ਤੁਪਕਾ ਸਿੰਚਾਈ, ਮੱਛੀ ਪਾਲਣ ਲਈ ਤਿਆਰ ਕੀਤੇ ਗਏ ਛੱਪੜ, ਨਵੇਂ ਤਿਆਰ ਕੀਤੇ ਜਾ ਰਹੇ ਖਾਲਾਂ ਦਾ ਦੌਰਾ ਕੀਤਾ ਗਿਆ ਅਤੇ ਕੰਮਾਂ ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਇਸ ਮੌਕੇ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਪਾਣੀ ਬਚਾਉਣ ਸਬੰਧੀ ਕੰਮ ਕੀਤੇ ਜਾਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਅਭਿਆਨ ਪ੍ਰਤੀ ਸੁਚੇਤ ਕੀਤਾ ਜਾਵੇ ਤਾਂ ਜੋ ਹਰ ਘਰ ਤੱਕ ਪਾਣੀ ਬਚਾਉਣ ਦਾ ਸੁਨੇਹਾ ਪਹੁੰਚਾਇਆ ਜਾ ਸਕੇ।
ਸ੍ਰੀਮਤੀ ਭਾਵੜਾ ਵੱਲੋਂ ਬਲਾਕ ਦਫ਼ਤਰ ਬੁਢਲਾਡਾ ਵਿਖੇ ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਪੰਚਾਇਤ ਸੰਮਤੀ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਵੱਲੋਂ ਪਾਣੀ ਬਚਾਉਣ ਦਾ ਸੁਨੇਹਾ ਦਿੱਤਾ ਅਤੇ ਪਾਣੀ ਬਚਾਉਣ ਵਾਲੇ ਕੰਮਾਂ ਨੂੰ ਲੈਣ ਸਬੰਧੀ ਉਤਸ਼ਾਹਿਤ ਕੀਤਾ ਗਿਆ।
ਸ੍ਰੀ ਕਮਲੇਸ਼ ਕੁਮਾਰ ਝੈਲ ਬਲਾਕ ਨੋਡਲ ਅਫ਼ਸਰ, ਅਤੇ ਸ੍ਰੀ ਹਰਵੀਰ ਸਿੰਘ ਤਕਨੀਕੀ ਅਫ਼ਸਰ ਜਲ ਸ਼ਕਤੀ ਅਭਿਆਨ ਵੱਲੋਂ ਸਰਪੰਚਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਪਾਣੀ ਬਚਾਉਣ ਦਾ ਕੰਮ ਆਪਣੇ ਘਰਾਂ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਪਾਣੀ ਬਚਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱÎਸਿਆ ਕਿ ਜਲ ਸ਼ਕਤੀ ਟੀਮ ਮੈਂਬਰਾਂ ਵੱਲੋਂ 4-4 ਕੰਮਾਂ ਨੂੰ ਅਡਾਪਟ ਕੀਤਾ ਗਿਆ ਹੈ ਜਿੰਨਾਂ ਵਿਚ ਸੋਕ ਪਿੱਟਾਂ ਦਾ ਕੰਮ, ਛੱਪੜਾਂ ਦਾ ਨਵੀਨੀਕਰਨ, ਨਵੇਂ ਖਾਲ ਤਿਆਰ ਕਰਨਾ ਅਤੇ ਪੌਦੇ ਲਗਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਜਲ ਸ਼ਕਤੀ ਅਭਿਆਨ ਵਿਚ ਵਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਇਸ ਯੋਗਦਾਨ ਵਿਚ ਮੋਹਰੀ ਜ਼ਿਲ੍ਹਾ ਬਣਾਇਆ ਜਾ ਸਕੇ।
ਜਲ ਸ਼ਕਤੀ ਅਭਿਆਨ ਦੀ ਟੀਮ ਵੱਲੋਂ ਅੱਜ ਬੁਰਜ ਹਰੀ ਦੀ ਨਰਸਰੀ ਵਿਖੇ ਪੁੰਘਰਦੇ ਬੀਜਾਂ ਅਤੇ ਵਨਸਪਤੀ ਲਗਾਉਣ ਦਾ ਜਾਇਜ਼ਾ ਲਿਆ ਗਿਆ।
ਟੀਮ ਵੱਲੋਂ ਲੰਘੇ ਸ਼ਨੀਵਾਰ ਮਾਨਸਾ ਦੇ ਪਿੰਡ ਖੋਖਰ ਖੁਰਦ, ਭੰਮੇ ਕਲਾਂ, ਕੋਰਾਵਾਲਾ, ਦਲੇਲਵਾਲਾ, ਖੜਕ ਸਿੰਘ ਵਾਲਾ, ਗੇਹਲੇ, ਸਰਦੂਲਗੜ੍ਹ ਵਿਖੇ ਜਟਾਣਾ ਕਲਾਂ, ਕੁਸਲਾ, ਚੂੜੀਆਂ, ਫੱਤਾ ਮਾਲੋਕਾ, ਮੀਰਪੁਰ ਕਲਾਂ, ਮੀਰਪੁਰ ਖੁਰਦ, ਝੰਡਾ ਕਲਾਂ, ਝੰਡਾ ਖੁਰਦ, ਬਲਾਕ ਝੁਨੀਰ ਦੇ ਪਿੰਡਾਂ ਬਾਜੇਵਾਲਾ, ਉੱਡਤ ਭਗਤ ਰਾਮ, ਰਾਮਾਨੰਦੀ, ਲਾਲਿਆਂਵਾਲੀ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਰੂਟ ਕੋਆਰਡੀਨੇਟਰ ਐਕਸੀਅਨ ਪਬਲਿਕ ਹੈਲਥ ਸ੍ਰੀ ਰਵਿੰਦਰ ਬਾਂਸਲ, ਬੀ.ਡੀ.ਪੀ.ਓ. ਸਰਦੂਲਗੜ੍ਹ ਸ੍ਰੀ ਮੇਜਰ ਸਿੰਘ, ਬੀ.ਡੀ.ਪੀ.ਓ. ਝੁਨੀਰ ਸ੍ਰੀ ਰਾਜਵਿੰਦਰ ਸਿੰਘ, ਐਕਸੀਅਨ ਪਬਲਿਕ ਹੈਲਥ ਸ੍ਰੀ ਜਗਜੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮਗਨਰੇਗਾ ਸ੍ਰੀ ਮਨਦੀਪ ਸਿੰਘ ਮੌਜੂਦ ਸਨ।























