ਜਲ ਸ਼ਕਤੀ ਅਭਿਆਨ ਦਾ ਮੰਤਵ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣਾ : ਅੰਜਲੀ ਭਾਵੜਾ

0
35

ਮਾਨਸਾ, 03 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ਦਾਣਾ ਮੰਡੀ ਝੁਨੀਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ 900 ਦੇ ਕਰੀਬ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅਡੀਸ਼ਨਲ ਸੈਕਟਰੀ ਸ਼੍ਰੀਮਤੀ ਅੰਜਲੀ ਭਾਵੜਾ (ਆਈ.ਏ.ਐਸ.) ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵਿਸ਼ੇਸ਼ ਮਹਿਮਾਨ ਵੱਜੋ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੰਤਵ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਅਤੇ ਤੇਜ਼ੀ ਨਾਲ ਡਿੱਗਦੇ ਪੱਧਰ ਨੂੰ ਠੱਲ ਪਾਉਣਾ ਹੈ। ਸ੍ਰੀ ਕਮਲੇਸ਼ ਕੁਮਾਰ ਝਿੱਲ (ਆਈ.ਏ.ਐਸ) ਅਤੇ ਸ੍ਰੀ ਹਰਵੀਰ ਸਿੰਘ ਵਿਗਿਆਨੀ ਸੀ.ਐਸ.ਐਮ.ਆਰ.ਐਸ ਨਵੀਂ ਦਿਲੀ ਵੀ ਮੌਜੂਦ ਸਨ। ਸ਼੍ਰੀਮਤੀ ਅੰਜਲੀ ਭਾਵੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਕੋਈ ਵੀ ਬਦਲ ਨਹੀਂ ਹੈ। ਇਸ ਲਈ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਸਬੰਧੀ ਵੀ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਦੀ ਆਦਤ ਹੋਣੀ ਚਾਹੀਦੀ ਹੈ ਅਤੇ ਇਸ ਲਈ ਕਿਸੇ ਵੀ ਮੁਹਿੰਮ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਣੀ ਦੇ ਨਾਲ ਹੀ ਮਨੁੱਖੀ ਜ਼ਿੰਦਗੀ ਦੀ ਹੋਂਦ ਹੈ। ਉਨ੍ਹਾਂ ਕਿਹਾ ਕਿ ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਵੱਲੋਂ 256 ਜ਼ਿਲ੍ਹਿਆਂ ਵਿੱਚ ਆਰੰਭ ਕੀਤਾ ਗਿਆ ਹੈ, ਤਾਂ ਜੋ ਇਹਨਾਂ ਜ਼ਿਲ੍ਹਿਆਂ ਦੇ 1592 ਬਲਾਕ ਜਿੰਨ੍ਹਾਂ ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਹੈ, ਵਿੱਚ ਚੇਤਨੰਤਾ ਪੈਦਾ ਕਰਕੇ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਵੱਖ-ਵੱਖ ਅਦਾਰਿਆਂ ਵੱਲੋਂ ਪਾਣੀ ਦੀ ਸਾਂਭ-ਸੰਭਾਲ ਲਈ ਕਈ ਸ਼ਲਾਘਾਯੋਗ ਕਦਮ ਪੁੱਟੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਫ਼ਸਲਾਂ, ਉਦਯੋਗ ਅਤੇ ਘਰੇਲੂ ਪੱਧਰ ‘ਤੇ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਅਤੇ ਸੰਜਮ ਨਾਲ ਬੱਚਤ ‘ਤੇ ਜ਼ੋਰ ਦਿੰਦਿਆਂ ਸਮਾਜ ਦੇ ਹਰ ਵਰਗ ਨੂੰ ਇਸ ਅਭਿਆਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਪਾਣੀ ਦੀ ਮਹੱਤਤਾ ਸਬੰਧੀ ਵੀ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਕਿਸਾਨ ਮੇਲੇ ਵਿੱਚ ਸੀਨੀਅਰ ਭੂਮੀ ਵਿਗਿਆਨੀ ਡਾ. ਇੰਦਰ ਮੋਹਨ ਛਿੱਬਾ ਨੇ ਕਣਕ ਝੋਨਾ ਫਸਲੀ ਚੱਕਰ ਵਿੱਚ ਰਸਾਇਣਕ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਡਾ. ਪ੍ਰਿਤਪਾਲ ਸਿੰਘ, ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਫ਼ਸਲਾਂ ਵਿੱਚ ਪਾਣੀ ਬਚਾਉਣ ਦੀਆਂ ਤਕਨੀਕਾਂ ਜਿਵੇਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਝੋਨੇ ਦੀ ਸਿੱਧੀ ਬਿਜਾਈ ਅਤੇ ਟੈਸ਼ਿਉਮੀਟਰ ਦੀ ਵਰਤੋਂ ਨਾਲ ਝੋਨੇ ਵਿੱਚ ਪਾਣੀ ਦੀ ਬਚਤ ਸਬੰਧੀ ਜਾਣਕਾਰੀ ਦਿੱਤੀ।  ਡਾ. ਅਨੂਰੀਤ ਕੌਰ ਸਹਾਇਕ ਫ਼ਸਲ ਵਿਗਿਆਨੀ ਖੋਜ਼ ਕੇਂਦਰ ਬਠਿੰਡਾ ਲੇਜ਼ਰ ਲੈਂਡ ਲੈਵਲਰ ਨਾਲ ਪਾਣੀ ਦੀ ਬਚਤ ਅਤੇ ਝੋਨੇ ਦੀ ਵੱਟਾਂ ਉਤੇ ਬਿਜਾਈ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ.ਏ.ਐਸ. ਸੋਹੀ, ਸੀਨੀਅਰ ਕੀਟ ਵਿਗਿਆਨੀ ਨੇ ਝੋਨੇ ਅਤੇ ਨਰਮੇ ਵਿੱਚ ਕੀਟ ਪ੍ਰਬੰਧਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਜੀ.ਪੀ.ਐਸ. ਸੋਢੀ ਸਹਿਯੋਗੀ ਨਿਰਦੇਸ਼ਕ ਕੇ.ਵੀ.ਕੇ ਮਾਨਸਾ ਨੇ ਆਏ ਮਹਿਮਾਨਾਂ ਦਾ ਜੀ ਆਇਆ ਨੂੰ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਾਣੀ ਦੀ ਸੰਭਾਲ ਲਈ ਉਲਕੀਆਂ ਪਸਾਰ ਗਤੀ ਵਿਧੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here