ਜਨਗਣਨਾ-2021 ਸਬੰਧੀ 12 ਅਗਸਤ ਤੋਂ 30 ਸਤੰਬਰ 2019 ਤੱਕ ਹੋਵੇਗਾ ਪ੍ਰੀ-ਟੈਸਟ

0
10

ਮਾਨਸਾ, 05 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਭਾਰਤ ਦੀ 2021 ਦੀ ਜਨਗਣਨਾ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਉਸ ਦਾ ਪਹਿਲਾਂ ਪ੍ਰੀ-ਟੈਸਟ ਕੀਤਾ ਜਾਵੇਗਾ, ਜਿਸ ਲਈ ਪੰਜਾਬ ਵਿੱਚ ਹੋਣ ਵਾਲੀ ਜਨਗਣਨਾ ਲਈ 2 ਜ਼ਿਲ੍ਹਿਆਂ ਮਾਨਸਾ ਅਤੇ ਫਿਰੋਜ਼ਪੁਰ ਨੂੰ ਪ੍ਰੀ-ਟੈਸਟ ਜਨਗਣਨਾ ਲਈ ਚੁਣਿਆ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਾਇਰੈਕਟਰ ਸੈਂਸਜ਼ ਆਪ੍ਰੇਸ਼ਨ ਡਾ. ਅਭੀਸ਼ੇਕ ਜੈਨ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਣ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਵੀ ਮੌਜੂਦ ਸਨ। ਸ਼੍ਰੀ ਅਭੀਸ਼ੇਕ ਜੈਨ ਨੇ ਅਧਿਕਾਰੀਆਂ ਨੂੰ ਜਨਗਣਨਾ ਦੀ ਮਹੱਤਤਾ ਸਬੰਧੀ ਦੱਸਦਿਆਂ ਕਿਹਾ ਕਿ ਭਾਰਤ ਦੀ ਜਨਗਣਨਾ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਅਤੇ ਜਨਗਣਨਾ ਦੇ ਅਧਾਰ ‘ਤੇ ਹੀ ਰਾਸ਼ਟਰ, ਰਾਜ ਅਤੇ ਪਿੰਡ ਪੱਧਰ ਦੇ ਆਂਕੜੇ ਸਰਕਾਰ ਤੱਕ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਂਕੜਿਆਂ ਦੀ ਵਰਤੋਂ ਕਰਕੇ ਹੀ ਸਰਕਾਰਾ ਯੋਜਨਾਵਾਂ ਅਤੇ ਨੀਤੀਆਂ ਤਿਆਰ ਕਰਦੀਆਂ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸੇ ਕਰਕੇ ਪੂਰੀ ਲਗਨ ਅਤੇ ਤਨਦੇਹੀ ਨਾਲ ਬਿਲਕੁੱਲ ਸਹੀ ਆਂਕੜੇ ਇੱਕਠੇ ਕੀਤੇ ਜਾਣ, ਤਾਂ ਜੋ ਇਨ੍ਹਾਂ ਆਂਕੜਿਆਂ ਤੋਂ ਜਨਗਣਨਾ ਦਾ ਸਹੀ ਅਨੁਮਾਨ ਹੋ ਸਕੇ।  ਉਨ੍ਹਾਂ ਦੱਸਿਆ ਅਪ੍ਰੈਲ ਤੋਂ ਸਤੰਬਰ 2020 ਵਿੱਚ ਅਸਲ ਜਨਗਣਨਾ ਕੀਤੀ ਜਾਵੇਗੀ ਅਤੇ ਉਸ ਸਮੇਂ ਦੌਰਾਨ ਕਿਸੇ ਵੀ ਕਿਸਮ ਦੀ ਕਮੀ-ਪੇਸ਼ੀ ਸਾਹਮਣੇ ਨਾ ਆਵੇ, ਇਸ ਲਈ 12 ਅਗਸਤ ਤੋਂ 30 ਸਤੰਬਰ 2019 ਤੱਕ ਇਸਦਾ ਪ੍ਰੀ-ਟੈਸਟ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਮਾਨਸਾ ਵਿਖੇ ਇਸ ਪ੍ਰੀ-ਟੈਸਟ ਦੌਰਾਨ ਗਿਣਤੀ ਕਰਨ ਵਾਲਿਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ 6 ਤੋਂ 9 ਅਗਸਤ ਤੱਕ ਜਨਗਣਨਾ-2021 ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਮੋਬਾਇਲ ਐਪ ਦੇ ਜ਼ਰਿਏ ਆਂਕੜੇ ਇੱਕਠੇ ਕੀਤੇ ਜਾਣਗੇ, ਜਿਸ ਨਾਲ ਇੱਕ ਤਾਂ ਗਿਣਤੀ ਕਰਨ ਵਾਲੀ ਟੀਮ ਨੂੰ ਸੌਖ ਰਹੇਗੀ ਅਤੇ ਹੱਥ ਨਾਲ ਫਾਰਮ ਭਰਨ ਨਾਲੋਂ ਸਮਾਂ ਵੀ ਘੱਟ ਲੱਗੇਗਾ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਮੋਬਾਇਲ ਐਪ ਦੀ ਵਰਤੋਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਇਸ ਸਾਰੇ ਟੀਚੇ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਪੀ.ਸੀ.ਓ. (ਪ੍ਰਿੰਸੀਪਲ ਸੈਂਸਜ਼ ਆਫਿਸਰ) ਲਗਾਇਆ ਗਿਆ ਹੈ ਅਤੇ ਤਹਿਸੀਲਦਾਰ ਮਾਨਸਾ ਨੂੰ ਚਾਰਜ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਇਸ ਸਾਰੇ ਕੰਮ ਦੀ ਨਿਗਰਾਨੀ ਰੱਖਣਗੇ ਅਤੇ ਪੀ.ਸੀ.ਓ. ਦੀ ਡਿਊਟੀ ਹੋਵੇਗੀ ਕਿ ਉਹ ਇਹ ਸਾਰੇ ਆਂਕੜੇ ਸਮੇਂ ਸਿਰ ਮੁਹੱਈਆ ਕਰਵਾਉਣਗੇ। ਸ਼੍ਰੀ ਜੈਨ ਨੇ ਦੱਸਿਆ ਕਿ ਇਸ ਪ੍ਰੀ-ਟੈਸਟ ਜਨਗਣਨਾ ਦਾ ਮਕਸਦ ਇਹ ਦੇਖਣਾ ਹੈ ਕਿ ਅਸਲ ਜਨਗਣਨਾ ਦੌਰਾਨ ਕੀ-ਕੀ ਦਿੱਕਤਾਂ ਸਾਹਮਣੇ ਆ ਸਕਦੀਆਂ ਹਨ ਅਤੇ ਮੋਬਾਇਲ ਐਪ ਇਸ ਜਨਗਣਨਾ ਦੌਰਾਨ ਕਿਨ੍ਹਾਂ ਵਧੀਆ ਰੋਲ ਅਦਾ ਕਰ ਸਕਦੀ ਹੈ। ਇਸ ਤੋਂ ਇਲਾਵਾ ਜਨਗਣਨਾ ਨਾਲ ਸਬੰਧਤ ਹਰ ਚੀਜ਼ ਬਾਰੇ ਫੀਡ ਬੈਕ ਲੈਣਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇਸ ਪ੍ਰੀ-ਟੈਸਟ ਦੌਰਾਨ ਸਾਰੇ ਆਂਕੜੇ ਸਹੀ ਢੰਗ ਨਾਲ ਅਤੇ ਬਿਲਕੁੱਲ ਦਰੁੱਸਤ ਹੋਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ 2 ਜ਼ਿਲ੍ਹਿਆਂ ਦੇ ਅਧਾਰ ‘ਤੇ ਹੀ ਪੂਰੇ ਪੰਜਾਬ ਦਾ ਸਰਵੇਖਣ ਹੋਣਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਡਾਇਰੈਕਟਰ ਸ਼੍ਰੀ ਅਭੀਸ਼ੇਕ ਜੈਨ ਨੂੰ ਭਰੋਸਾ ਦਿਵਾਇਆ ਕਿ ਇਸ ਜਨਗਣਨਾ ਸਬੰਧੀ ਜ਼ਿਲ੍ਹਾ ਮਾਨਸਾ ਦੀ ਟੀਮ ਵੱਲੋਂ ਇਸ ਡਿਊਟੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਜਨਗਣਨਾ ਦੇ ਸਹੀ ਆਂਕੜੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਾਲੀਆਂ ਟੀਮਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਟ੍ਰੇਨਿੰਗ ਦੌਰਾਨ ਪੂਰੇ ਧਿਆਨ ਨਾਲ ਹਰ ਇੱਕ ਪਹਿਲੂ ਨੂੰ ਸਮਝਨ, ਤਾਂ ਜੋ ਪ੍ਰੀ-ਟੈਸਟ ਦੌਰਾਨ ਆਂਕੜੇ ਇੱਕਤਰ ਕਰਨ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਜੁਆਇੰਟ ਡਾਇਰੈਟਰ ਸੈਂਸਜ਼ ਆਪ੍ਰੇਰਸ਼ਨ ਸ਼੍ਰੀ ਮ੍ਰਿਤਯੁੰਜਯ ਕੁਮਾਰ, ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਸੁਭਾਸ਼ ਚੰਦਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਵਿਨਾਸ਼ ਕੌਰ, ਐਸ.ਆਈ. ਗਰੇਡ 2 ਸ਼੍ਰੀ ਅੰਕੁਸ਼ ਸ਼ਰਮਾ, ਸ਼੍ਰੀ ਵਰਿੰਦਰ ਕੁਮਾਰ ਅਤੇ ਡਾ. ਵਿਮਿਤ ਸੰਖ਼ਾਲਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here