

ਸਰਦੂਲਗੜ੍ਹ 28 ਮਈ(ਸਾਰਾ ਯਹਾ,(BPS): ਹਰਿਆਣਾ ਦੀ ਹੱਦ ਤੇ ਪੈਦੀ ਸਬ-ਡਵੀਜ਼ਨ ਸਰਦੂਲਗੜ੍ਹ ਦੇ ਘੱਗਰ ਪਾਰਲੇ ਦਰਜ਼ਨ ਪਿੰਡਾਂ ਨੂੰ 1983 ਤੋਂ ਪਹਿਲਾਂ ਨਹਿਰੀ ਪਾਣੀ ਦੀ ਸਪਲਾਈ ਸੁਖਚੈਨ ਨਹਿਰ ਦੁਆਰਾ ਹੁੰਦੀ ਸੀ।ਜਿਸ ਵਿਚ ਪਾਣੀ ਛੱਡਣ ਅਤੇ ਬੰਦ ਕਰਨ ਦਾ ਕੰਟਰੋਲ ਹਰਿਆਣਾ ਦੇ ਸਿੰਚਾਈ ਵਿਭਾਗ ਕੋਲ ਸੀ। ਇਹਨਾਂ ਪਿੰਡਾਂ ਨੂੰ ਸਿੰਚਾਈ ਅਤੇ ਪੀਣ ਵਾਲੇ ਪਾਣੀ ਨੂੰ ਲੈਕੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਸੀ। ਜਿਸ ਨੂੰ ਹੱਲ ਕਰਨ ਲਈ ਮੌਕੇ ਦੀ ਸਰਕਾਰ ਤੇ ਸਿੰਚਾਈ ਵਿਭਾਗ ਨੇ ਇਨ੍ਹਾਂ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਿੱਧੀ ਸਪਲਾਈ ਭਾਖੜਾ ਮੇਨ ਬਰਾਂਚ ਵਿਚੋਂ ਕਰਨ ਵਾਸਤੇ ਭਾਖੜਾ ਨਹਿਰ ਤੋਂ ਫਤਿਹਪੁਰ ਪਿੰਡ ਕੋਲ ਹੈਡ ਵਰਕਸ ਬਣਾ ਕਿ ਨਿਊ ਢੰਡਾਲ ਨਹਿਰ ਨਾਲ ਜੋੜ ਦਿੱਤਾ ਗਿਆ।ਇਹ ਨਹਿਰ ਪਿੰਡ ਭਗਵਾਨਪੁਰਾ ਹੀਂਗਣਾ ਕੋਲੋਂ ਘੱਗਰ ਦਰਿਆ ਦੇ ਉਪਰ ਦੀ ਲੰਘਦੀ ਹੈ। ਘੱਗਰ ਉਪਰ ਦੀ ਨਹਿਰ ਨੂੰ ਲੰਘਾਉਣ ਲਈ ਇਕ ਅਕੁਆਡਕਟ (ਸਾਈਫਨ) ਬਣਾਇਆ ਗਿਆ ਸੀ। ਉਸ ਸਮੇ ਘੱਗਰ ਪਾਰਲੇ ਆਹਲੂਪੁਰ, ਲੋਹਗੜ੍ਹ, ਧਿਗਾਣਾ ਨਾਗਪੁਰ (ਹਰਿਆਣਾ) ਆਦਿ ਇੱਕ ਦਰਜਨ ਪਿੰਡਾਂ ਨੂੰ ਜੋੜਣ ਲਈ ਲੋਕਾਂ ਦੀ ਮੰਗ ਤੇ ਸਹੂਲਤ ਨੂੰ ਦੇਖਦੇ ਹੋਏ ਘੱਗਰ ਤੋ ਨਹਿਰ ਲੰਘਾਉਣ ਲਈ ਬਣਾਏ ਰਾਸਤੇ ਤੇ ਸਾਈਫਨ ਅਤੇ ਪੁਲ ਇਕੱਠੇ ਬਣਾਏ ਗਏ। ਉਸ ਸਮੇ ਇਹ ਪ੍ਰਬੰਧ ਸਿਰਫ ੲਿਹਨਾਂ ਪਿੰਡਾਂ ਦੀ ਸਹੂਲਤ ਵਾਸਤੇ ਕੀਤਾ ਗਿਆ ਸੀ। ਇਸ ਪੁਲ ਉਪਰ ਸਿਰਫ ਹਲਕੇ ਵਾਹਨ ਕਾਰ, ਜੀਪ, ਮੋਟਰਸਾਈਕਲ, ਟਰੈਕਟਰ ਟਰਾਲੀਆਂ ਆਦਿ ਲੰਘਣ ਦੀ ਹੀ ਵਿਵਸਥਾ ਹੈ ਕਿਉਂਕਿ ਭਾਰੀ ਵਾਹਨ ਲੰਘਣ ਨਾਲ ਪੁਲ ਅਤੇ ਸਾਈਫਨ ਨੂੰ ਭਾਰੀ ਨੁਕਸ਼ਾਨ ਹੋ ਸਕਦਾ ਹੈ ਪਰ ਹੁਣ ਆਵਾਜਾਈ ਵਧਣ ਕਾਰਨ ਇਸ ਸਾਈਫਨ ਤੇ ਪੁਲ ਉਪਰੋਂ ਲੰਘਣ ਵਾਲੇ ਭਾਰੀ ਵਾਹਨਾਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ ਤੇ ਰਹਿੰਦੀ ਖੂੰਹਦੀ ਕਸਰ ਝੁਨੀਰ ਤੋਂ ਆਹਲੂਪੁਰ ਨੂੰ ਜੋੜਣ ਵਾਲੀ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ ਨੇ ਪੂਰੀ ਕਰ ਦਿੱਤੀ ਜੋ ਇਸ ਪੁਲ ਉਪਰ ਦੀ ਗੁਜ਼ਰਦੀ ਹੈ।ਹੁਣ ਇਸ ਪੁਲ ਤੋ ਵੱਡੇ-ਵੱਡੇ ਭਾਰੇ ਟਰਾਲੇ ਵੀ ਇਸ ਅਕੁਆਡਕਟ (ਸਾਈਫਨ) ਉਪਰ ਦੀ ਲੰਘਦੇ ਹਨ ਜੋ ਇਸ ਦੀ ਬਣਤਰ ਅਤੇ ਮੰਤਵ ਵਾਸਤੇ ਜਾਇਜ਼ ਨਹੀਂ ਅਤੇ ਇਸ ਨੂੰ ਕਦੇ ਵੀ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਇਸ ਪੁਲ ਜਾਂ ਸਾਈਫਨ ਚ ਥੋੜਾ ਬਹੁਤ ਨੁਕਸ ਵੀ ਪੈਂਦਾ ਹੈ ਤਾਂ ਘੱਗਰ ਪਾਰਲੇ ਦਰਜ਼ਨ ਪਿੰਡਾਂ ਨੂੰ ਸਿੰਚਾਈ ਅਤੇ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਇਕਦਮ ਬੰਦ ਹੋ ਜਾਵੇਗੀ।ਉਸ ਤੋਂ ਬਾਅਦ ਇਸ ਸਪਲਾਈ ਨੂੰ ਬਹਾਲ ਕਰਨ ਵਾਸਤੇ ਬਹੁਤ ਲੰਮਾਂ ਸਮਾਂ ਲੱਗ ਜਾਏਗਾ।ਇਸ ਲਈ ਜਰੂਰੀ ਹੈ ਕਿ ਕੋਈ ਵੱਡਾ ਹਾਦਸਾ ਹੋਣ ਤੋ ਪਹਿਲਾਂ ਹੀ ਢੁੱਕਵੇੰ ਪ੍ਰਬੰਧ ਕਰਕੇ ਮਸੀਬਤ ਨੂੰ ਰੋਕਿਆ ਜਾਵੇ।ਘੱਗਰ ਤੋ ਪਾਰ ਪਿੰਡਾਂ ਦੇ ਆਮ ਲੋਕਾਂ ਤੇ ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਸਬੰਧਤ ਮਹਿਕਮੇ ਤੋ ਮੰਗ ਕੀਤੀ ਹੈ ਕਿ ਇਸ ਪਾਸੇ ਤੁਰੰਤ ਧਿਆਨ ਦਿੱਤਾ ਜਾਵੇ। ਇਸ ਸਬੰਧੀ ਐਕਸੀਅਨ ਨਹਿਰੀ ਵਿਭਾਗ ਮਾਨਸਾ ਕਰਤਾਰ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਪੁਲ ਬਣਾਏ ਗਏ ਹਨ ਉਹ ਮੰਡੀ ਬੋਰਡ ਜਾਂ ਬੀ.ਐਂਡ ਆਰ. ਵੱਲੋਂ ਸੜਕਾਂ ਬਣਾਉਣ ਸਮੇਂ ਬਣਾਏ ਗਏ ਹਨ ਉਹ ਹੀ ਦੱਸ ਸਕਦੇ ਹਨ ਕਿ ਇਸ ਪੁਲ ਦੀ ਕਪੈਸਟੀ ਕੀ ਹੈ ਬਾਕੀ ਇਹ ਮੇਰੇ ਧਿਆਨ ਵਿੱਚ ਨਹੀਂ ਕਿ ਇਸ ਤੋਂ ਕਹਿੜੇ ਵਾਹਨ ਲੰਘ ਸਕਦੇ ਹਨ।ਜਦੋਂ ਸੜਕ ਬਣਾਉਣ ਵਾਲੇ ਮੰਡੀਕਰਨ ਬੋਰਡ ਦੇ ਐਸਡੀਓ ਦਿਆ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪੁਲ ਤੇ ਸਾਈਫਨ ਨਹਿਰੀ ਵਿਭਾਗ ਵਲੋਂ ਹੀ ਬਣਾਇਆ ਗਿਆ ਹੈ ਅਸੀਂ ਤਾਂ ਸਿਰਫ ਪੁਲ ਤੱਕ ਹੀ ਸੜਕ ਬਣਾਈ ਹੈ। ਇਸ ਸਬੰਧੀ ਨਹਿਰੀ ਭਾਗ ਹੀ ਦੱਸ ਸਕਦਾ ਹੈ।























