

ਮਾਨਸਾ, 21 ਅਗਸਤ,(ਸਾਰਾ ਯਹਾ,(ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਮਾਨਸਾ ਵਿਚ ਸਤੰਬਰ 19 ਨੂੰ ਰੋਇਲ ਗਰੁੱਪ ਆਫ਼ ਕਾਲਜ਼ਿਜ਼ ਬੋੜਾਵਾਲ ਅਤੇ ਸਤੰਬਰ 26 ਨੂੰ ਸ਼ਿਵ ਸ਼ਕਤੀ ਕਾਲਜ਼ਿਜ਼ ਭੀਖੀ ਵਿਖੇ ਨੌਕਰੀ ਮੇਲੇ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਇਨ੍ਹਾਂ ਨੌਕਰੀ ਮੇਲੇਆਂ ਵਿਚ ਬੇਰੁਜ਼ਗਾਰ ਅਤੇ ਨਵੀਂ ਨੌਕਰੀ ਦੇ ਚਾਹਵਾਨ ਉਮੀਦਵਾਰ ਆਪਣਾ ਨਾਮ ਜ਼ਿਲ੍ਹਾ ਰੁਜ਼ਗਾਰ ਬਿਊਰੋ ਵਿਖੇ ਦਰਜ ਕਰਵਾਉਣ। ਜ਼ਿਲ੍ਹਾ ਰੁਜ਼ਗਾਰ ਬਿਊਰੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਸੁਵਿਧਾ ਕੇਂਦਰ ਦੀ ਉਪਰਲੀ ਮੰਜ਼ਿਲ ਤੇ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਸਵੈ ਰੁਜ਼ਗਾਰ ਜਾਂ ਆਪਣਾ ਕੰਮ ਸ਼ੁਰੂ ਕਰਨ ਜਾਂ ਵਧਾਉਣ ਸਬੰਧੀ ਜਾਣਕਾਰੀ ਅਤੇ ਮਦਦ ਵੀ ਦਿੱਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਵੱਲੋਂ ਅੱਜ ਨੌਕਰੀ ਮੇਲੇ ਸਬੰਧੀ ਵੱਖ ਵੱਖ ਭਾਗੀਦਾਰਾਂ ਦੀ ਬੁਲਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਮੇਲਿਆਂ ਬਾਰੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਬਿਊਰੋ ਮਾਨਸਾ ਵੱਲੋਂ ਕਈ ਨੌਜਵਾਨਾਂ ਨੂੰ ਨੌਕਰੀਆਂ ਦਿਵਾਈਆਂ ਗਈਆਂ ਹਨ। ਹਾਲ ਹੀ ਵਿਚ ਆਨਲਾਈਨ ਖਾਣਾ ਘਰ ਤੱਕ ਪਹੁੰਚਾਉਣ ਵਾਲੀ ਮੋਬਾਇਲ ਐਪਲੀਕੇਸ਼ਨ ਜ਼ੋਮੈਟੋ ਵੱਲੋਂ ਜ਼ਿਲ੍ਹਾ ਰੁਜ਼ਗਾਰ ਬਿਊਰੋ ਮਾਨਸਾ ਰਾਹੀਂ ਨੌਜਵਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਰੁਜ਼ਗਾਰ ਬਿਊਰੋ ਰਾਹੀਂ ਉਸਾਰੀ ਕੰਪਨੀ ਲਾਰਸਨ ਐਂਡ ਟੂਬਰੋ ਅਤੇ ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਵੀ ਮਾਨਸਾ ਤੋਂ ਉਮੀਦਵਾਰ ਚੁਣੇ ਗਏ ਹਨ ਜਿੰਨ੍ਹਾਂ ਨੂੰ ਇਸ ਵੇਲੇ ਕੰਪਨੀਆਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਤੇ ਨਵੀਆਂ ਨੌਕਰੀਆਂ ਦੇ ਚਾਹਵਾਨ ਨੌਜਵਾਨ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਨਾਲ ਨਾਲ ਆਪਣੀ ਰਜਿਸਟਰੇਸ਼ਨ ਪੰਜਾਬ ਸਰਕਾਰ ਦੇ ਪੋਰਟਲwww.ghargharrozgar.punjab.gov.in ਤੇ ਵੀ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਨੌਕਰੀ ਮੇਲਿਆਂ ਵਿਚ ਭਾਗ ਲੈਣ ਵਾਲੇ ਉਮੀਦਵਾਰਾਂ ਵਿਚ ਅਕਸਰ ਆਤਮਵਿਸ਼ਵਾਸ ਅਤੇ ਗੱਲਬਾਤ ਕਰਨ ਦੇ ਤਰੀਕੇ ਦੀ ਕਮੀ ਸਾਹਮਣੇ ਆਈ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਯੋਗ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਬਿਊਰੋ ਵੱਲੋਂ ਪਰਸਨੈਲਿਟੀ ਡਿਵੈਲਪਮੈਂਟ (ਵਿਅਕਤੀਗਤ ਵਿਕਾਸ) ਅਤੇ ਗੱਲਬਾਤ ਕਰਨ ਦਾ ਸੁਚੱਜਾ ਤਰੀਕਾ ਸਿਖਾਉਣ ਵਾਲੀਆਂ ਕਲਾਸਾਂ ਮੁਫ਼ਤ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਦਾ ਲਾਹਾ ਲੈਣ। ਉਨ੍ਹਾਂ ਮੀਟਿੰਗ ਵਿਚ ਮੌਜੂਦ ਬੀ.ਡੀ.ਪੀ.ਓਜ਼., ਸੀ.ਡੀ.ਪੀ.ਓਜ਼. ਅਤੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਆਪਣੇ ਖੇਤਰਾਂ ਦੇ ਪੰਚਾਂ, ਸਰਪੰਚਾਂ ਅਤੇ ਐਮ.ਸੀ. ਨੂੰ ਇਨ੍ਹਾਂ ਮੇਲਿਆਂ ਬਾਰੇ ਦੱਸਣ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਤੱਕ ਘਰ-ਘਰ ਰੁਜ਼ਗਾਰ ਦਾ ਸੁਨੇਹਾ ਪਹੁੰਚਾਇਆ ਜਾ ਸਕੇ।
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ (ਰਿਟਾ.) ਨੇ ਦੱਸਿਆ ਕਿ ਪੰਚਾਂ, ਸਰਪੰਚਾਂ ਅਤੇ ਐਮ.ਸੀ. ਨੂੰ ਖਾਸ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਆਪਣੇ ਇਲਾਕੇ ਦੇ ਘੱਟ ਤੋਂ ਘੱਟ 10 ਨੌਜਵਾਨਾਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਦੀਆਂ ਕਲਾਸਾਂ ਜਰੂਰ ਲਗਵਾਉਣ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਰੁਜ਼ਗਾਰ ਬਿਊਰੋ ਵਿਖੇ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਲਈ ਅਪਲਾਈ ਕਰਨ ਦੇ ਇੱਛੁੱਕਾਂ ਵਾਸਤੇ ਮੁਫ਼ਤ ਇੰਟਰਨੈਟ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਮੀਦਵਾਰਾਂ ਨੂੰ ਆਨਲਾਈਨ ਫਾਰਮ ਭਰਨ ਅਤੇ ਵੱਖ-ਵੱਖ ਤਰਾਂ ਦੀਆਂ ਆਸਾਮੀਆਂ ਬਾਰੇ ਜਾਣਕਾਰੀ ਦੇਣ ਵਿਚ ਪੂਰਾ ਸਹਿਯੋਗ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 01652-232315 ਤੇ ਸੰਪਰਕ ਕੀਤਾ ਜਾ ਸਕਦਾ ਹੈ।























