

ਮਾਨਸਾ 31 ਅਗਸਤ (ਬਪਸ):ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸੰਧੂ ਨੂੰ ਰਾਸ਼ਟਰਪਤੀ ਅਵਾਰਡ ਮਿਲਣ ਤੇਪੂਰੇ ਦੇਸ਼ ਦੇ ਨਾਲ ਨਾਲ ਸਰਦੂਲਗੜ੍ਹੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਫੈਲ ਗਈ। ਮਾਨਸਾ ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਨਾਲ ਸਬੰਧਿਤ ਗੁਰਪ੍ਰੀਤ ਸਿੰਘ ਸੰਧੂ ਫੁਟਬਾਲ ਟੀਮ ਚ ਬਤੌਰ ਗੋਲ ਕੀਪਰ ਖੇਡ ਰਹੇ ਹਨ। ਸੰਧੂ ਵੱਲੋਂ ਫੁਟਬਾਲ ਟੀਮ ਚ ਨਿਭਾਈਆਂ ਸੇਵਾਵਾਂ ਬਦਲੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਤੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿਦ ਵੱਲੋਂ ਉਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਪ੍ਰੀਤ ਸੰਧੂ ਆਪਣੇ ਪਿਤਾ ਤਜਿੰਦਰ ਸਿੰਘ ਸੰਧੂ ਐਸਪੀ ਅਤੇ ਮਾਤਾ ਹਰਜੀਤ ਕੌਰ ਸੰਧੂ ਡੀਐੱਸਪੀ ਚੰਡੀਗੜ੍ਹ ਨਾਲ ਆਪਣੇ ਪਿੱਤਰੀ ਸ਼ਹਿਰ ਸਰਦੂਲਗੜ੍ਹ ਆਉਂਦੇ ਰਹਿੰਦੇ ਹਨ। ਸਰਦੂਲਗੜ੍ਹ ਵਿਖੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਕੈਪਟਨ ਗੁਲਜ਼ਾਰ ਸਿੰਘ ਸੰਧੂ ਸਾਬਕਾ ਕੋਚ ਬਾਸਕਟਬਾਲ ਟੀਮ ਭਾਰਤ, ਸਮਾਜ ਸੇਵੀ ਜਗਜੀਤ ਸਿੰਘ ਸੰਧੂ, ਗੁਰਜਿੰਦਰ ਸਿੰਘ ਗਗਨਪ੍ਰੀਤ ਸਿੰਘ ਅਤੇ ਸ਼ਹਿਰ ਵਾਸੀ ਜਤਿੰਦਰ ਸਿੰਘ ਸੋਢੀ, ਅੰਮ੍ਰਿਤ ਜਟਾਣਾ, ਬਲਦੇਵ ਸਿੰਘ ਆੜ੍ਹਤੀਆ, ਪਵਨ ਕੁਮਾਰ ਜੈਨ ਆਦਿ ਨੇ ਗੁਰਪ੍ਰੀਤ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਰਦੂਲਗੜ੍ਹ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਰਦੂਲਗੜ੍ਹ ਦੇ ਲੜਕੇ ਨੇ ਇਲਾਕੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਵੱਲੋ ਇਸ ਮੌਕੇ ਖੁਸ਼ੀ ਮਨਾਉਂਦਿਆਂ ਲੱਡੂ ਵੀ ਵੰਡੇ ਗਏ।























