

ਮਾਨਸਾ-1 ,ਜੁਲਾਈ(ਸਾਰਾ ਯਹਾ,BPS) – ਮਹੀਨੇ ਦੀਆਂ ਗਰਮ ਰੁੱਤ ਛੁੱਟੀਆਂ ਬਿਤਾ ਕੇ ਸਕੂਲ ਪਰਤੇ ਵਿਦਿਆਰਥੀਆਂ ਨੂੰ ਪਹਿਲੇ ਦਿਨ ਹੀ ਕੜਾਕੇ ਦੀ ਗਰਮੀ ਨੇ ਘੇਰ ਲਿਆ ਹੈ । ਦਿਨ ਭਰ ੪੦ ਡਿਗਰੀ ਤੋਂ ਉੱਪਰ ਰਹੇ ਤਾਪਮਾਨ ਨੇ ਵਿਦਿਆਰਥੀਆਂ ਦਾ ਮਨ ਪੜ੍ਹਾਈ ‘ਚ ਨਹੀਂ ਲੱਗਣ ਦਿੱਤਾ ਅਤੇ ਬੇਹਾਲ ਹੋਏ ਵਿਦਿਆਰਥੀ ਸਾਰਾ ਦਿਨ ਅਧਿਆਪਕਾਂ ਤੋਂ ਪਾਣੀ ਪੀਣ ਦੀ ਛੁੱਟੀ ਲੈਂਦੇ ਰਹੇ । ਪਿੰਡ ਖਿਆਲਾ ਕਲਾਂ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਨੇ ਦੱਸਿਆ ਅੱਜ ਪਹਿਲੇ ਦਿਨ ਹੀ ਗਰਮੀ ਨੇ ਮਹੀਨੇ ਦੀਆਂ ਛੁੱਟੀਆਂ ‘ਚ ਕੀਤੀਆਂ ਮੌਜਾਂਭੁਲਾ ਦਿੱਤੀਆਂ ਹਨ । ਉਨ੍ਹਾਂ ਦੱਸਿਆ ਗਰਮੀ ਕਾਰਨ ਕਈ ਸਾਥੀ ਵਿਦਿਆਰਥੀਆਂ ਦੇ ਸਿਰ ਵੀ ਦਰਦ ਕੀਤੇ । ਭੰਮੇ ਕਲਾਂ ਸਕੂਲ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਦੱਸਿਆ ਨਾ ਤਾਂ ਪੱਖਿਆਂ ਦੀ ਹਵਾ ਨੇ ਪਸੀਨਾ ਸੁਕਾਇਆ ਅਤੇ ਨਾ ਹੀ ਪਾਣੀ ਨੇ ਪਿਆਸ ਬੁਝਾਈ । ਭੈਣੀ ਬਾਘਾ ਸਕੂਲ ਦੀ ਰਾਜਪ੍ਰੀਤ ਕੌਰ ਨੇ ਦੱਸਿਆ ਇਕੱਲੇ ਵਿਦਿਆਰਥੀ ਹੀ ਨਹੀਂ ਅਧਿਆਪਕ ਵੀ ਪਰੇਸ਼ਾਨ ਹੋਏ । ਪਿੰਡ ਠੂਠਿਆਂ ਵਾਲੀ ਦੇ ਵਿਸਾਲ ਕੁਮਾਰ ਨੇ ਦੱਸਿਆ ਸਾਈਕਲਾਂ ‘ਤੇ ਨੇੜਲੇ ਪਿੰਡਾਂ ਦੇ ਸਕੂਲਾਂ ‘ਚ ਪੜ੍ਹਨ ਜਾਂਦੇ ਵਿਦਿਆਰਥੀ ਬਹੁਤ ਪ੍ਰੇਸ਼ਾਨ ਹੋਏ । ਕਈ ਵਿਦਿਆਰਥੀਆਂ ਨੇ ਆਪਣੇ ਸਾਇਕਲ ਰੋਕ ਕੇ ਦਰਖ਼ਤਾਂ ਦੀ ਛਾਂ ‘ਚ ਰੁਕ ਪਸੀਨੇ ਸੁਕਾਉਂਣ ਦੀ ਕੋਸ਼ਿਸ਼ ਵੀ ਕੀਤੀ ਪਰ ਰਾਹਤ ਨਹੀਂ ਮਿਲੀ । ਅਧਿਆਪਕ ਆਗੂ ਹਰਦੀਪ ਸਿੱਧੂ ਨੇ ਦੱਸਿਆ ਗਰਮੀ ਕਾਰਨ ਪ੍ਰਾਇਮਰੀ ਸਕੂਲਾਂ ਦੇ ਛੋਟੇ ਵਿਦਿਆਰਥੀ ਕਾਫ਼ੀ ਪ੍ਰੇ਼ਸ਼ਾਨ ਹੋਏ । ਝੋਨੇ ਦੀ ਲਵਾਈ ‘ਚ ਉਲਝੇ ਹੋਣ ਕਾਰਨ ਨਰਸਰੀ ਜਮਾਤ ‘ਚ ਪੜ੍ਹਦੇ ਬਹੁਤੇ ਵਿਦਿਆਰਥੀਆਂ ਦੇ ਮਾਪੇ ਦੁਪਹਿਰ ਵਕਤ ਲੈਣ ਨਹੀਂ ਆਏ ਜਿਸ ਕਰਕੇ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੱਡੀਆਂ ਜਮਾਤਾਂ ‘ਚ ਪੜ੍ਹਦੇ ਆਪਣੇ ਭੈਣ ਭਰਾਵਾਂ ਨਾਲ ਤੋਰਨਾ ਪਿਆ । ਗੌਰਮਿੰਟ ਟੀਚਰ ਯੁਨੀਅਨ ਦੇ ਨਰਿੰਦਰ ਸਿੰਘ ਮਾਖਾ ਨੇ ਕਿਹਾ ਮੌਸਮੀ ਮਜ਼ਾਜ ਮੁਤਾਬਿਕ ਸਕੂਲ ਸਮੇਂ ‘ਚ ਤਬਦੀਲੀ ਕੀਤੀ ਜਾਵੇ । ਪੇਂਡੂ ਖੇਤਰਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਜ਼ਿਆਦਾ ਗਰਮੀ ਨੂੰ ਵੇਖਦਿਆਂ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਮੌਨਸੂਨ ਦੀ ਆਮਦ ਤੱਕ ਛੁੱਟੀਆਂ ਕੀਤੀਆਂ ਜਾਣ । ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ ਨੇ ਕਿਹਾ ਕਿ ਗਰਮੀ ਨੂੰ ਵੇਖਦਿਆਂ ਸਿੱਖਿਆ ਵਿਭਾਗ ਨੇ ਪਹਿਲਾਂ ਹੀ ਸਕੂਲਾਂ ਦੇ ਬੰਦ ਹੋਣ ਦੇ ਸਮੇਂ ‘ਚ ਅੱਧੇ ਘੰਟੇ ਦੀ ਕਟੌਤੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਜੇਕਰ ਮੁੱਖ ਦਫਤਰ ਤੋਂ ਕੋਈ ਹੋਰ ਹੁਕਮ ਆਵੇਗਾ ਤਾਂ ਤੁਰੰਤ ਲਾਗੂ ਕੀਤਾ ਜਾਵੇਗਾ ।























