

ਮਾਨਸਾ, 23 ਮਈ (ਹੀਰਾ ਸਿੰਘ ਮਿੱਤਲ ) : ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਦੀ ਪ੍ਰਧਾਨਗੀ ਹੇਠ ਪੀ.ਸੀ. ਐਂਡ ਪੀ.ਐਨ.ਡੀ.ਟੀ. (ਪ੍ਰੀ ਕਨਸੈਪਸ਼ਨ ਐਂਡ ਪ੍ਰੀ ਨੇਟਲ ਡਾਇਗਨੋਸਟਿਕ ਟੈਕਨੀਕ) ਦੀ ਸਲਾਹਕਾਰੀ ਕਮੇਟੀ ਦੀ ਮੀਟਿੰਗ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਬੇਟੀ ਨੂੰ ਬਚਾਉਣ ਸਬੰਧੀ ਸਿਹਤ ਵਿਭਾਗ ਵੱਲੋਂ ਪੀ.ਸੀ.ਪੀ.ਐਨ.ਡੀ.ਟੀ. ਤਹਿਤ ਗਰਭ ਧਾਰਨ ਤੋਂ ਪਹਿਲਾਂ ਜਾਂ ਗਰਭ ਦੌਰਾਨ ਬੱਚੇ ਦਾ ਲਿੰਗ ਚੁਣਨ ਜਾਂ ਪਤਾ ਲਗਾਉਣਾ ਕਾਨੂੰਨੀ ਜ਼ੁਰਮ ਹੈ।
ਸਿਵਲ ਸਰਜਨ ਨੇ ਕਿਹਾ ਕਿ ਕੁੜੀਆਂ ਦੇ ਘਰ ਵਿੱਚ ਪੈਦਾ ਹੋਣ ‘ਤੇ ਅਫਸੋਸ ਕਰਨ ਦੀ ਛੋਟੀ ਸੋਚ ਸਮਾਜ ਨੂੰ ਤਿਆਗ ਦੇਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ 2017-18 ਦੌਰਾਨ 63 ਡਾਇਗਨੋਸਟਿਕ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਜਦੋਂ ਕਿ 2018-19 ਦੇ ਮਹੀਨਾ ਅਪ੍ਰੈਲ ਤੱਕ 5 ਡਾਇਗਨੋਸਟਿਕ ਸੈਂਟਰਾਂ ਦੀ ਚੈਕਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 2016-17 ਦੌਰਾਨ ਮਾਨਸਾ ਦਾ ਲਿੰਗ ਅਨੁਪਾਤ 898 ਸੀ, ਜੋ ਕਿ 2017-18 ਵਿੱਚ ਵੱਧ ਕੇ 925 ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਧੇ ਲਈ ਪੀ.ਸੀ. ਐਂਡ ਪੀ.ਐਨ.ਡੀ.ਟੀ. ਸਲਾਹਕਾਰ ਕਮੇਟੀ ਦਾ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਰੋਲ ਹੈ।
ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਅਟਾਰਨੀ ਸ਼੍ਰੀ ਮੁਮਤਾਜ਼ ਅਲੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ ਸ਼੍ਰੀ ਰਾਕੇਸ਼ ਵਾਲੀਆ ਨੂੰ ਮੈਂਬਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡਾ. ਸੁਰੇਸ਼ ਸਿੰਗਲਾ ਨੂੰ ਵੀ ਮੈਂਬਰ ਵੱਜੋਂ ਲਿਆ ਗਿਆ।
ਇਸ ਮੌਕੇ ਜ਼ਿਲ੍ਹਾ ਅਟਾਰਨੀ ਨੇ ਮੀਟਿੰਗ ਦੌਰਾਨ ਆਪਣਾ ਸੁਝਾਅ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਇੱਕ ਸੈਮੀਨਾਰ ਆਯੋਜਿਤ ਕਰਕੇ ਕਿਸ਼ੋਰਾਂ ਅਤੇ ਕਿਸ਼ੋਰੀਆਂ ਨੂੰ ਦਾਜ-ਦਹੇਜ, ਕੰਨਿਆਂ ਭਰੂਣ ਹੱਤਿਆ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਦੀ ਮਨੋਬਿਰਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ।
ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਆਸ਼ਾ ਕਿਰਨ, ਡਾ. ਰਸ਼ਮੀ, ਬੱਚਿਆਂ ਦੇ ਮਾਹਿਰ ਡਾ. ਪਰਵਰਿਸ਼, ਡਾ. ਅਜੇ, ਮਾਸ ਮੀਡੀਆ ਅਫ਼ਸਰ ਸ਼੍ਰੀ ਸਖਵਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਪੀ.ਐਨ.ਡੀ.ਟੀ. ਮੈਡਮ ਰੇਨੂੰ, ਸਮਾਜ ਸੇਵਕ ਸੁਨੀਤਾ ਦੇਵੀ ਅਤੇ ਖੂਨਦਾਨੀ ਤੇ ਸਮਾਜ ਸੇਵੀ ਸ਼੍ਰੀ ਸੰਜੀਵ ਪਿੰਕਾ ਮੌਜੂਦ ਸਨ।
EDITED BY : SARA YAHA | | Last Updated : 23 May 2018






















