

ਮਾਨਸਾ, 03 ਜੂਨ:(ਸਾਰਾ ਯਹਾਂ/ਮੁੱਖ ਸੰਪਾਦਕ)
ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਲਈ ਪਿੰਡ ਤਾਮਕੋਟ, ਖਿਆਲਾ ਕਲਾਂ, ਕੋਟੜਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਖੇਤਾਂ ਦਾ ਨਿਰੀਖਣ ਕਰਨ ਮੌਕੇ ਦੇਖਿਆ ਗਿਆ ਕਿ ਨਰਮੇ ਦੀ ਫਸਲ ਵਿੱਚ ਇਸ ਸਮੇਂ ਕੋਈ ਵੀ ਬਿਮਾਰੀ ਅਤੇ ਕੀੜੇ ਮਕੌੜੇ ਦਾ ਹਮਲਾ ਨਹੀਂ ਹੈ। ਮੌਜੂਦ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੇ ਖੇਤਾਂ ਦਾ ਦੌਰਾ ਸਵੇਰੇ 10 ਵਜੇ ਤੋਂ ਪਹਿਲਾਂ ਕੀਤਾ ਜਾਵੇ। ਇਸ ਸਮੇਂ ਕੀੜਿਆਂ ਦੀ ਗਿਣਤੀ ਸਹੀ ਪਤਾ ਲਗਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੀ ਫ਼ਸਲ ਵਿੱਚ ਜ਼ਮੀਨ ਦੀ ਕਿਸਮ ਮੁਤਾਬਿਕ ਪਹਿਲਾ ਪਾਣੀ ਬਿਜਾਈ ਤੋਂ 4 ਹਫ਼ਤੇ ਤੋਂ 6 ਹਫ਼ਤੇ ਬਾਅਦ ਲਾਇਆ ਜਾਵੇ, ਜਿਸ ਨਾਲ ਨਰਮੇ ਨੇ ਪੌਦੇ ਦੀ ਜੜ੍ਹ ਦਾ ਵਾਧਾ ਵਧੀਆ ਹੁੰਦਾ ਹੈ ਅਤੇ ਜ਼ਮੀਨ ਵਿੱਚ ਜੜ੍ਹ ਸਹੀ ਪਾਣੀ ਲੈ ਸਕਦੀ ਹੈ।ਉਨ੍ਹਾਂ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 90 ਕਿੱਲੋ ਯੂਰੀਆ ਫੁੱਲ ਨਿਕਲਣ ਤੱਕ 3 ਬਰਾਬਰ ਕਿਸਤਾਂ ਵਿੱਚ ਪਾਉਣ ਦੀ ਸਲਾਹ ਦਿੱਤੀ।
ਇਸ ਮੌਕੇ ਖੇਤੀਬਾੜੀ ਵਿਭਾਗ ਦੀ ਟੀਮ ਵਿੱਚ ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ (ਟੀ.ਏ.), ਡਾ. ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ, ਸੁਖਵਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਕ ਤੋਂ ਇਲਾਵਾ ਕਿਸਾਨ ਗੁਰਤੇਜ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।























