

ਮਾਨਸਾ, 27 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਨਸਾ ਦੀ ਜ਼ਿਲ੍ਹਾ ਪੱਧਰੀ ਪੈਸਟ ਸਰਵੇਲੈਸ ਟੀਮ ਨੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਚਹਿਲ ਦੀ ਅਗਵਾਈ ਵਿਚ ਪਿੰਡ ਲੱਲੂਆਣਾ, ਅਹਿਮਦਪੁਰ ਅਤੇ ਫਫੜੇ ਭਾਈ ਕੇ ਦੇ ਨਰਮੇ ਵਾਲੇ ਖੇਤਾਂ ਦਾ ਸਰਵੇਖਣ ਕੀਤਾ।
ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਵੇਖਿਆ ਗਿਆ ਕਿ ਜ਼ਿਲ੍ਹੇ ਵਿਚ ਨਰਮੇ ਦੀ ਫਸਲ ਬਿਲਕੁਲ ਠੀਕ ਹੈ। ਉਨ੍ਹਾਂ ਦੱਸਿਆ ਕਿ ਫਸਲ ਤੇ ਕੀੜੇ ਮਕੌੜਿਆਂ ਜਿਵੇਂ ਕਿ ਚਿੱਟੀ ਮੱਖੀ, ਹਰਾ ਤੇਲਾ ਆਦਿ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਹੈ।
ਇਸ ਦੌਰਾਨ ਡਾ. ਸੁਰੇਸ਼ ਕੁਮਾਰ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇ ਦੀ ਫਸਲ ਉੱਤੇ ਇਸ ਸਮੇਂ ਫੁੱਲ ਆ ਚੁੱਕੇ ਹਨ। ਇਸ ਲਈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲ ਤੋਂ ਵੱਧ ਝਾੜ ਲੈਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ ਦੀਆਂ ਇਕ ਹਫ਼ਤੇ ਦੇ ਵਕਫ਼ੇ ਤੇ ਚਾਰ ਸਪਰੇਆਂ ਕਰ ਦਿੱਤੀਆਂ। ਇਨ੍ਹਾਂ ਸਪਰੇਆਂ ਨਾਲ ਨਰਮੇ ਦੇ ਬਣੇ ਹੋਏ ਫੁੱਲ ਕਿਰਨੇ ਘਟ ਜਾਂਦੇ ਹਨ। ਮੌਸਮ ਵਿਚ ਨਮੀ ਹੋਣ ਕਾਰਨ ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮਨਜ਼ੂਰ ਸ਼ੁਦਾ ਉੱਲੀ ਨਾਸ਼ਕ ਦੀ ਸਪਰੇਅ ਕਰਨ ਦੀ ਸਲਾਹ ਵੀ ਦਿੱਤੀ, ਕਿਊਂਕਿ ਨਮੀਂ ਦੀ ਮੌਜੂਦਗੀ ਨਾਲ ਉੱਲੀ ਤੇ ਬੈਕਟੀਰੀਆ ਆਦਿ ਦੀਆਂ ਬਿਮਾਰੀਆਂ ਦਾ ਵਾਧਾ ਹੁੰਦਾ ਹੈ।
ਟੀਮ ਵਿਚ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨਜੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਮਨਪ੍ਰੀਤ ਸਿੰਘ ਮੌਜੂਦ ਸਨ।























