ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੀ ਬਿਜਾਈ ਵੱਟਾਂ ਉੱਤੇ ਕਰਵਾਈ ਗਈ

0
18

ਮਾਨਸਾ, 07 ਮਈ (ਸਾਰਾ ਯਹਾ,(ਬਲਜੀਤ ਸ਼ਰਮਾ) : ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਗੁਰਮੇਲ ਸਿੰਘ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ਬਲਾਕ ਮਾਨਸਾ ਵਿੱਚ ਨਰਮੇ ਦੀ ਵੱਟਾਂ ਉੱਪਰ ਬਿਜਾਈ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਸਹਾਇਕ ਪੌਦਾ ਸੁਰੱਖਿਆ ਅਫ਼ਸਰ ਮਾਨਸਾ ਡਾ. ਡੂੰਗਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜ਼ਮੀਨ ਅੰਦਰ ਪਾਣੀ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਨਰਮੇ ਦੀ ਵੱਟਾਂ ਉੱਪਰ ਬਿਜਾਈ ਕਰਨ ਨਾਲ ਸਿੰਚਾਈ ਦੇ ਪਾਣੀ ਦੀ ਲਗਭਗ 15-20% ਬੱਚਤ ਹੁੰਦੀ ਹੈ ਅਤੇ ਨਰਮੇ ਦੀ ਫਸਲ ਵਿੱਚ ਬਹੁਤ ਵਧੀਆ ਵਾਧਾ ਹੁੰਦਾ ਹੈ।  ਇਸ ਮੌਕੇ ਕਿਸਾਨ ਸ਼੍ਰੀ ਕਰਮ ਸਿੰਘ ਵਾਸੀ ਪਿੰਡ ਮਲਕਪੁਰ ਖਿਆਲਾ ਨੇ ਦੱਸਿਆ ਕਿ ਉਸ ਨੂੰ ਇਸ ਤਕਨੀਕ ਨਾਲ ਬਿਜਾਈ ਕਰਦੇ ਹੋਏ 3 ਸਾਲ ਹੋ ਗਏ ਹਨ, ਜਿਸ ਨਾਲ ਉਸ ਨੇ ਪਿਛਲੇ ਸਾਲਾਂ ਦੌਰਾਨ ਨਰਮੇ ਦਾ ਝਾੜ ਬਹੁਤ ਵਧੀਆ ਪ੍ਰਾਪਤ ਕੀਤਾ ਹੈ। ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਮਾਨਸਾ ਡਾ. ਚਮਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਨਰਮੇ ਦੀ ਫਸਲ ਸਮੇਂ ਡੂੰਘੀ ਬਹਾਈ, ਭਰਮੀ ਰੌਣੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਸਿਫਾਰਿਸ਼ ਨਰਮੇ ਦਾ ਬੀਜ ਬੀਜਣ ਲਈ ਕਿਹਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਦਾ ਭਰਪੂਰ ਝਾੜ ਪ੍ਰਾਪਤ ਕਰਨ ਲਈ ਨਰਮੇ ਦੀ ਬਿਜਾਈ 15 ਮਈ ਤੱਕ ਮੁਕੰਮਲ ਕਰਨ ਦੀ ਸਲਾਹ ਦਿੱਤੀ। ਖੇਤੀਬਾੜੀ ਵਿਕਾਸ ਅਫਸਰ ਮਾਨਸਾ ਡਾ. ਜਸਲੀਨ ਕੌਰ ਧਾਲੀਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਦੁਆਲੇ ਚਿੱਟੀ ਮੱਖੀ ਦੇ ਬਚਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀਆਂ ਬਦਲਵੀਆਂ ਫਸਲਾਂ ਜਿਵੇਂ ਕਿ ਭਿੰਡੀ, ਮੂੰਗੀ, ਅਰਹਰ, ਜੰਤਰ ਅਤੇ ਅਰਿੰਡ ਨਰਮੇ ਵਾਲੇ ਖੇਤ ਦੇ ਆਲੇ-ਦੁਆਲੇ ਨਾ ਬੀਜੀਆਂ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਰੋਜ਼ ਸਵੇਰੇ 10 ਵਜੇ ਤੋਂ ਪਹਿਲਾਂ ਆਪਣੇ ਖੇਤ ਅਤੇ ਖੇਤ ਦੇ ਆਲੇ-ਦੁਆਲੇ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਕੀੜੇ-ਮਕੌੜਿਆਂ ਜਾਂ ਬਿਮਾਰੀਆਂ ਦਾ ਪਤਾ ਚੱਲ ਸਕੇ ਅਤੇ ਉਨ੍ਹਾਂ ਤੋਂ ਸਮੇਂ ਸਿਰ ਘੱਟ ਖਰਚੇ ਨਾਲ ਨਰਮੇ ਦੀ ਫਸਲ ਨੂੰ ਬਚਾਇਆ ਜਾ ਸਕੇ। 

LEAVE A REPLY

Please enter your comment!
Please enter your name here