

ਫਗਵਾੜਾ 11 ਸਤੰਬਰ (ਸਾਰਾ ਯਹਾਂ/ਸ਼ਿਵ ਕੌੜਾ) ਸ਼ਹਿਰ ਦੇ ਵਾਰਡ ਨੰਬਰ 11 ਸਥਿਤ ਮੁਹੱਲਾ ਗੁਰੂ ਹਰਕ੍ਰਿਸ਼ਨ ਨਗਰ ਅਤੇ ਨਾਲ ਲੱਗਦੇ ਹੋਰ ਮੁਹੱਲਿਆਂ ‘ਚ ਖੁੰਖਾਰ ਆਵਾਰਾ ਕੁੱਤਿਆਂ ਦੀ ਭਰਮਾਰ ਦੇ ਚਲਦਿਆਂ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਗੱਲਬਾਤ ਕਰਦਿਆਂ ਮੁਹੱਲਾ ਨਿਵਾਸੀਆਂ ਡਾ. ਅਜੇ ਓਹਰੀ, ਦਵਿੰਦਰ ਭੱਲਾ, ਧਰਮਿੰਦਰ ਬੰਗੜ, ਕਾਬੁਲ ਹਸਨ ਅਤੇ ਸੰਜੀਵ ਗੁਪਤਾ ਨੇ ਦੱਸਿਆ ਕਿ ਇਲਾਕੇ ਵਿੱਚ ਖੁੰਖਾਰ ਆਵਾਰਾ ਕੁੱਤਿਆਂ ਦੀ ਤਾਦਾਦ ਬਹੁਤ ਜਿਆਦਾ ਵੱਧ ਗਈ ਹੈ। ਇਹ ਕੁੱਤੇ ਅਕਸਰ ਝੁੰਡ ਬਣਾ ਕੇ ਗਲੀਆਂ ‘ਚ ਘੁੰਮਦੇ ਹਨ ਅਤੇ ਆਉਂਦੇ-ਜਾਂਦੇ ਲੋਕਾਂ ਨੂੰ ਵੱਡਣ ਨੂੰ ਪੈਂਦੇ ਹਨ। ਸੜਕਾਂ ਤੋਂ ਲੰਘਦੇ ਵਾਹਨਾਂ ਦੇ ਪਿੱਛੇ ਦੌੜਦੇ ਹਨ ਅਤੇ ਕਈ ਵਾਰ ਆਪਸ ‘ਚ ਲੜਦੇ ਅਚਾਨਕ ਸੜਕਾਂ ਵਿਚਕਾਰ ਆ ਜਾਂਦੇ ਹਨ, ਜਿਸ ਨਾਲ ਕੋਈ ਵੀ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਇਹਨਾਂ ਕੁੱਤਿਆਂ ਦੀ ਵਜ੍ਹਾ ਨਾਲ ਆਮ ਲੋਕਾਂ ਦਾ ਘਰੋਂ ਨਿੱਕਲਣਾ ਮੁਸ਼ਕਿਲ ਹੋ ਗਿਆ ਹੈ। ਛੋਟੇ, ਬੱਚਿਆਂ, ਔਰਤਾਂ ਅਤੇ ਬਜੁਰਗਾਂ ਲਈ ਤਾਂ ਇਹ ਆਵਾਰਾ ਖੁੰਖਾਰ ਕੁੱਤੇ ਵੱਡੀ ਮੁਸੀਬਤ ਬਣੇ ਹੋਏ ਹਨ। ਉਹਨਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਹਨਾਂ ਕੁੱਤਿਆਂ ਦੇ ਝੁੰਡ ਵਲੋਂ ਗਲੀ ਵਿੱਚ ਲੰਘਦੀ ਇਕ ਔਰਤ ਨੂੰ ਘੇਰ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਮਾਂ ਰਹਿੰਦੇ ਔਰਤ ਦੀਆਂ ਚੀਕਾਂ ਸੁਣ ਕੇ ਘਰੋਂ ਨਿਕਲੇ ਨੌਜਵਾਨ ਨੇ ਕੁੱਤਿਆਂ ਨੂੰ ਭਜਾਇਆ ਅਤੇ ਔਰਤ ਦੀ ਜਾਨ ਬਚਾਈ, ਨਹੀਂ ਤਾਂ ਕੁੱਤਿਆਂ ਦੇ ਸੰਭਾਵੀ ਹਮਲੇ ‘ਚ ਮਹਿਲਾ ਦੀ ਜਾਣ ਵੀ ਜਾ ਸਕਦੀ ਸੀ। ਮੁਹੱਲਾ ਨਿਵਾਸੀਆਂ ਨੇ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਅਤੇ ਮੇਅਰ ਰਾਮਪਾਲ ਉੱਪਲ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹਾਲੀਆ ਹੁਕਮਾ ਦੀ ਪਾਲਣਾ ਕਰਦੇ ਹੋਏ ਸਾਡੇ ਵਾਰਡ ਦੇ ਵਸਨੀਕਾਂ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਆਵਾਰਾ ਖੁੰਖਾਰ ਕੁੱਤਿਆਂ ਦੇ ਆਤੰਕ ਤੋਂ ਰਾਹਤ ਦੇਣ ਲਈ ਇਹਨਾਂ ਆਵਾਰਾ ਕੁੱਤਿਆਂ ਨੂੰ ਫੜ ਕੇ ਨੱਸਬੰਦੀ ਕਰਕੇ ਸ਼ੈਲਟਰ ਹੋਮ ‘ਚ ਭਿਜਵਾਇਆ ਜਾਵੇ ਤਾਂ ਜੋ ਆਮ ਲੋਕ ਸੁੱਖ ਦਾ ਸਾਹ ਲੈ ਸਕਣ। ਇਸ ਮੌਕੇ ਮੁਹੱਲੇ ਦੇ ਵਸਨੀਕ ਹਨੀ ਨਾਗਲਾ, ਅਜੈ ਸਿੰਘ ਨਾਗਲਾ, ਮੰਗੇਸ਼ ਭੱਲਾ, ਵੀਨਾ ਰਾਣੀ ,ਨੀਨਾ ਓਹਰੀ, ਅਨੁਭਾ ਓਹਰੀ, ਰਵੀ ਕਿਰਨ ਭੱਲਾ, ਸਵਿਤਾ ਭੱਲਾ, ਸੋਨੀਆ ਜੰਡੂ, ਸ਼ਸ਼ੀ ਗਾਂਧੀ, ਗੁਰਲੀਨ ਸਿੰਘ, ਸਤਪਾਲ ਢੀਂਗਰਾ, ਗੁਰਦੀਪ ਸਿੰਘ, ਆਰ.ਐਲ. ਬਸਰਾ, ਰੋਹਨ ਕੁਮਾਰ ਓਹਰੀ, ਅਨਿਲ ਕੁਮਾਰ ਓਹਰੀ, ਅਵਤਾਰ ਸਿੰਘ ਭੁੰਗਰਨੀ ਅਤੇ ਅਸ਼ੋਕ ਜੋਸ਼ੀ ਆਦਿ ਹਾਜਰ ਸਨ।























