

ਚੰਡੀਗੜ੍ਹ (ਸਾਰਾ ਯਹਾ): ਪੰਜਾਬ ਨੂੰ ਭਾਰਤ ਤੋਂ ਵੱਖ ਕਰ ਖਾਲਿਸਤਾਨ ਬਣਾਉਣ ਦੀ ਮੰਗ ਨੂੰ ਲੈ ਕੇ ਸਿੱਖਾਂ ਵੱਲੋਂ ਲੰਦਨ ‘ਚ ਵੱਡੇ ਪੱਧਰ ‘ਤੇ ਰੈਲੀ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੇ ਅੱਜ ਲੰਦਨ ਦੇ ਟ੍ਰੈਫਲਗਰ ਸਕੁਆਇਰ ‘ਤੇ ‘ਰਾਈਟ ਟੂ ਸੈਲਫ ਡਿਟਰਮੀਨੇਸ਼ਨ’ ਦੀ ਆਵਾਜ਼ ਬੁਲੰਦ ਕਰਨ ਲਈ ਇਹ ਰੈਲੀ ਬੁਲਾਈ ਹੈ। ਦੂਜੇ ਪਾਸੇ ਇਸ ਦੇ ਵਿਰੋਧ ‘ਚ ਭਾਰਤੀ ਅਧਿਕਾਰੀਆਂ ਨੇ ਵੀ ‘ਸਟੈਂਡ ਵਿਦ ਇੰਡੀਆ’ ਦੇ ਬੈਨਰ ਹੇਠ ਆਜ਼ਾਦੀ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ।
ਪੰਜਾਬ ਵਿੱਚ ਸੁਰੱਖਿਆ ਵਧਾਈ :
‘ਰੈਫਰੰਡਮ 2020’ ਨੂੰ ਲੈ ਕੇ ਲੰਦਨ ‘ਚ ਖਾਲਿਸਤਾਨੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਸੂਬੇ ‘ਚ ਇਸ ਦਾ ਕੋਈ ਅਸਰ ਨਹੀਂ ਪਰ ਫਿਰ ਵੀ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ।
ਕੀ ਹੈ ਰੈਲੀ ਦਾ ਉਦੇਸ਼?
1
ਦਰਅਸਲ ਸਿੱਖ ਫਾਰ ਜਸਟਿਸ ਸੰਗਠਨ ਪਿਛਲੇ ਕਈ ਸਾਲਾਂ ਤੋਂ ਖਾਲਿਸਤਾਨ ਦੀ ਮੰਗ ਲਈ ਲੰਦਨ ਵਿੱਚ ਮਾਹੌਲ ਸਿਰਜ ਰਿਹਾ ਹੈ। ਇਸ ਸੰਸਥਾ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਕਹਿਣਾ ਹੈ ਕਿ ਇਸ ਰੈਲੀ ਜ਼ਰੀਏ ਲੰਦਨ ਡਿਕਲੈਰੇਸ਼ਨ ਨੂੰ ਸੰਯੁਕਤ ਰਾਸ਼ਟਰ ਵਿੱਚ ਰੱਖਣਾ ਹੈ। ਇਸ ਦੇ ਨਾਲ ਹੀ ਉਸ ਦੇ ਮੈਂਬਰ ਦੇਸ਼ਾਂ ਨੂੰ ਇਹ ਵੀ ਦੱਸਣਾ ਹੈ ਕਿ ਆਜ਼ਾਦ ਪੰਜਾਬ ਸਥਾਪਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਮੁਤਾਬਕ ਇਸ ਰੈਲੀ ‘ਚ ਸ਼ਾਮਲ ਹੋਣ ਲਈ ਸਿੱਖ ਭਾਈਚਾਰੇ ਦੇ ਲੋਕ ਦੁਨੀਆ ਭਰ ਵਿੱਚੋਂ ਲੰਦਨ ‘ਚ ਪਹੁੰਚ ਰਹੇ ਹਨ। ਖਾਸ ਕਰਕੇ ਬ੍ਰਿਟੇਨ ਦੇ ਸਿੱਖ ਵੱਡੀ ਗਿਣਤੀ ‘ਚ ਇਸ ਰੈਲੀ ‘ਚ ਪਹੁੰਚ ਰਹੇ ਹਨ।
ਭਾਰਤ ਵੱਲੋਂ ਰੈਲੀ ਦਾ ਸਖਤ ਵਿਰੋਧ:
ਭਾਰਤ ਸਰਕਾਰ ਨੇ ਇਸ ਰੈਲੀ ਦਾ ਵਿਰੋਧ ਕਰਦਿਆਂ ਲੰਦਨ ਚ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਲੋਕਾਂ ਨੂੰ ਵੱਖਵਾਦੀ ਕਰਾਰ ਦਿੱਤਾ ਹੈ। ਬ੍ਰਿਟੇਨ ਵਿੱਚ ਇਹ ਰੈਲੀ ਭਾਰਤੀ ਅਧਿਕਾਰੀਆਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਬ੍ਰਿਟੇਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਗਰੁੱਪ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕੇਗਾ।
ਭਾਰਤੀ ਵਿਦੇਸ਼ ਮੰਤਰਾਲੇ ਨੇ ਬ੍ਰਿਟੇਨ ਦੇ ਇਸ ਫੈਸਲੇ ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਮਕਸਦ ਹਿੰਸਾ, ਵੱਖਵਾਦ ਤੇ ਨਫਰਤ ਫੈਲਾਉਣਾ ਹੈ। ਸੋਸ਼ਲ ਮੀਡੀਆ ਤੇ ਸਿੱਖ ਭਾਈਚਾਰੇ ਨੇ ਇਸ ਰੈਲੀ ਦਾ ਵਿਰੋਧ ਕਰਦਿਆਂ ਸਿੱਖਾਂ ਤੇ ਭਾਰਤੀ ਲੋਕਾਂ ਵਿਚਾਲੇ ਤਣਾਅ ਵਧਣ ਦੀ ਚਿੰਤਾ ਵੀ ਜਤਾਈ ਹੈ।























