

ਅੰਮ੍ਰਿਤਸਰ: ਖਾਲਸਾ ਕਾਲਜ ਵਿੱਚ ਬੀਤੀ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲੜਕੀ ਦੀ ਲਾਸ਼ ਹੋਸਟਲ ਦੇ ਕਮਰੇ ਵਿੱਚੋਂ ਲਟਕਦੀ ਹੋਈ ਮਿਲੀ। ਵਿਦਿਆਰਥਣਾਂ ਨੇ ਤੁਰੰਤ ਇਸ ਦੀ ਸੂਚਨਾ ਕਾਲਜ ਪ੍ਰਬੰਧਕਾਂ ਤੇ ਸਥਾਨਕ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਉਕਤ ਵਿਦਿਆਰਥਣ ਐਮਐਸਸੀ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਸੀ ਤੇ ਅੰਮ੍ਰਿਤਸਰ ਵਿੱਚ ਪੀਜੀ ਵਿੱਚ ਰਹਿੰਦੀ ਸੀ। ਉਹ ਕਾਲਜ ਦੀ ਗਿੱਧੇ ਦੀ ਟੀਮ ਦੀ ਮੈਂਬਰ ਸੀ ਜਿਸ ਕਾਰਨ ਗਿੱਧੇ ਦੀ ਟ੍ਰੇਨਿੰਗ ਲੈਂਦਿਆਂ ਸ਼ਾਮ ਹੋਣ ਕਾਰਨ ਉਹ ਬੀਤੀ ਸ਼ਾਮ ਹੋਸਟਲ ਵਿੱਚ ਹੀ ਰੁਕ ਗਈ। ਕੁਝ ਸਮੇਂ ਬਾਅਦ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ।
ਪੁਲਿਸ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਵਿਦਿਆਰਥਣ ਕੋਟ ਟੋਡਰ ਮੱਲ ਪਿੰਡ ਦੀ ਰਹਿਣ ਵਾਲੀ ਹੈ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬੇ ਨਜ਼ਦੀਕ ਪੈਂਦਾ ਹੈ। ਅੰਮ੍ਰਿਤਸਰ ਦੇ ਏਡੀਸੀਪੀ-1 ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਕੋਈ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਇਸ ਸਬੰਧੀ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਹੈ ਤੇ ਸੀਸੀਟੀਵੀ ਦੀ ਫੁਟੇਜ਼ ਵੀ ਖੰਘਾਲੀ ਜਾ ਰਹੀ ਹੈ।
EDITED BY : SARA YAHA | | Last Updated : 6:15 pm 28 October 2018
























