*ਖਰਾਬ ਸਟਰੀਟ ਲਾਈਟਾਂ ਕਾਰਨ ਰਾਤ ਨੂੰ ਅੰਨ੍ਹਾ ਸ਼ਹਿਰ ਲੱਗਦਾ ਹੈ ਫਗਵਾੜਾ, ਰਾਹਗੀਰਾਂ ਨੂੰ ਸਤਾਉਂਦਾ ਹੈ ਲੁੱਟ ਦਾ ਡਰ : ਮਨੀਸ਼*

0
10

ਫਗਵਾੜਾ 29 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਸ਼ਾਸਨ ਅਧੀਨ ਨਗਰ ਨਿਗਮ ਫਗਵਾੜਾ ਦੀ ਕਾਰਜਸ਼ੈਲੀ ’ਤੇ ਤਿੱਖੇ ਸਵਾਲ ਉਠਾਉਂਦੇ ਹੋਏ, ਵਾਰਡ ਨੰਬਰ 20 ਤੋਂ ਨਗਰ ਕੌਂਸਲਰ ਅਤੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਮਨੀਸ਼ ਪ੍ਰਭਾਕਰ ਨੇ ਕਿਹਾ ਕਿ ਸ਼ਹਿਰ ਦੀਆਂ ਜ਼ਿਆਦਾਤਰ ਸਟਰੀਟ ਲਾਈਟਾਂ ਖਰਾਬ ਹਨ। ਨਿਗਮ ਕੋਲ ਲਾਈਟਾਂ ਦੀ ਮੁਰੰਮਤ ਕਰਵਾਉਣ ਲਈ ਕੋਈ ਠੇਕੇਦਾਰ ਵੀ ਨਹੀਂ ਹੈ। ਰਾਤ ਨੂੰ ਫਗਵਾੜਾ ਇੱਕ ਅੰਨ੍ਹਾ ਸ਼ਹਿਰ ਨਜ਼ਰ ਆਉਂਦਾ ਹੈ। ਜਿੱਥੇ ਘੁੱਪ ਹਨੇਰੇ ਵਿੱਚ ਸੁੰਨਸਾਨ ਸੜਕਾਂ ’ਤੇ ਰਾਹਗੀਰਾਂ ਨੂੰ ਲੁੱਟੇ ਜਾਣ ਦਾ ਡਰ ਰਹਿੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਫਗਵਾੜਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗੇ ਅਸਥਾਈ ਕੂੜੇ ਦੇ ਡੰਪਾਂ ਸਬੰਧੀ ਨਿਗਮ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਜਿਸ ਵੀ ਗਲੀ ਜਾਂ ਮੁਹੱਲੇ ਵਿੱਚ ਜਾਓ, ਉੱਥੇ ਕੂੜੇ ਦੇ ਡੰਪ ਦਿਖਾਈ ਦੇਣਗੇ, ਜੋ ਕਿ ਵਸਨੀਕਾਂ ਅਤੇ ਰਾਹਗੀਰਾਂ ਨੂੰ ਨਰਕ ਭਰਿਆ ਅਨੁਭਵ ਦੇ ਰਹੇ ਹਨ। ਧਾਰਮਿਕ ਸਥਾਨਾਂ, ਪਾਰਕਾਂ ਅਤੇ ਸਕੂਲਾਂ ਦੇ ਆਲੇ-ਦੁਆਲੇ ਬਣੇ ਕੂੜੇ ਦੇ ਢੇਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਹਵਾ ਵਿੱਚ ਉੱਠਦੀ ਅਸਹਿਣ ਯੋਗ ਬਦਬੂ ਅਤੇ ਕੂੜੇ ਵਿੱਚ ਪੈਦਾ ਹੋਣ ਵਾਲੇ ਮੱਖੀ ਮੱਛਰ ਬਿਮਾਰੀਆਂ ਨੂੰ ਖੁੱਲ੍ਹੇਆਮ ਸੱਦਾ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਆਬਾਦੀ ਵਾਲੇ ਇਲਾਕਿਆਂ ਤੋਂ ਕੂੜੇ ਦੇ ਡੰਪ ਤੁਰੰਤ ਹਟਾਏ ਜਾਣ। ਉਹਨਾਂ ਕਿਹਾ ਕਿ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਲੋਕਾਂ ਦੇ ਘਰਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨਾ ਚਾਹੀਦਾ ਹੈ ਅਤੇ ਇਸਨੂੰ ਸ਼ਹਿਰ ਤੋਂ ਦੂਰ ਸਥਿਤ ਰੀਸਾਈਕਲਿੰਗ ਪਲਾਂਟ ਵਿੱਚ ਲਿਜਾਣਾ ਚਾਹੀਦਾ ਹੈ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ ਉਨ੍ਹਾਂ ਸਖ਼ਤ ਲਹਿਜੇ ਵਿੱਚ ਪੁੱਛਿਆ ਕਿ, ਕੀ ਨਿਗਮ ਦੇ ਕੋਲ ਖੜ੍ਹੇ ਕੂੜਾ ਢੋਣ ਵਾਲੇ ਵਾਹਨ ਆਖਿਰ ਕਿਸ ਕੰਮ ਲਈ ਰੱਖੇ ਹਨ? ਮਨੀਸ਼ ਪ੍ਰਭਾਕਰ ਨੇ ਕੂੜੇ ਦੀ ਸਮੱਸਿਆ ਦੇ ਹੱਲ ਲਈ ਇੰਦੌਰ ਮਾਡਲ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਫਗਵਾੜਾ ਨਗਰ ਨਿਗਮ ਅਤੇ ਪੰਜਾਬ ਸਰਕਾਰ ਨੂੰ ਵੀ ਇੰਦੌਰ ਮਾਡਲ ਅਪਣਾਉਣਾ ਚਾਹੀਦਾ ਹੈ ਅਤੇ ਫਗਵਾੜਾ ਨੂੰ ਕੂੜਾ ਮੁਕਤ ਸ਼ਹਿਰ ਬਣਾਉਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਕੀਤੇ ਜਾ ਰਹੇ ਦਾਅਵਿਆਂ ’ਤੇ ਵੀ ਚੁਟਕੀ ਲਈ ਅਤੇ ਕਿਹਾ ਕਿ ‘ਆਪ’ ਆਗੂਆਂ ਅਤੇ ਭਗਵੰਤ ਮਾਨ ਸਰਕਾਰ ਨੂੰ ਦਿਨ ਵੇਲੇ ਕੂੜੇ ਦੇ ਢੇਰਾਂ ਦੀ ਮੌਜੂਦਗੀ ਵਿੱਚ ਅਤੇ ਰਾਤ ਨੂੰ ਘੁੱਪ ਹਨੇਰੇ ਵਿੱਚ ਸ਼ਹਿਰ ਦੀ ਸੁੰਦਰਤਾ ਦੇਖਣ ਲਈ ਵਿਸ਼ੇਸ਼ ਐਨਕਾਂ ਦਾ ਪ੍ਰਬੰਧ ਵੀ ਕਰਕੇ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here