‘ਕ੍ਰਿਸ਼ਨ ਲੱਲਾ ਤੇਰੀ ਬੰਸਰੀ ਕਮਾਲ ਕਰ ਗਈ’ ਭਜਨ ਨੇ ਨਚਾਏ ਸ਼ਰਧਾਲੂ

0
49

ਮਾਨਸਾ, 23 ਅਗਸਤ(ਸਾਰਾ ਯਹਾ,(ਬਲਜੀਤ ਸ਼ਰਮਾ) – ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪਵਿੱਤਰ ਜਨਮ ਦਿਵਸ ਮੌਕੇ ਰਾਤ ਦੇ ਸਮੇਂ ਸ਼ਹਿਰ ਦੇ ਸਾਰੇ ਮੰਦਰਾਂ ਵਿਚ ਖੂਬ ਸਜਾਵਟ ਕੀਤੀ ਗਈ ਅਤੇ ਸ਼ਰਧਾਲੂਆਂ ਵਲੋਂ ਮੰਦਰਾਂ ਵਿਚ ਪੂਜਾ ਅਰਾਧਨਾ ਲਈ ਰਾਤ ਦੇ 12 ਵਜੇ ਤੋਂ ਬਾਅਦ ਤੱਕ ਵੀ ਮੰਦਰਾਂ ਵਿਚ ਖੂਬ ਚਹਿਲ ਪਹਿਲ ਰਹੀ ਅਤੇ ਸ਼ਹਿਰ ਦਾ ਸਮੁੱਚਾ ਵਾਤਾਵਰਣ ਧਾਰਮਿਕ ਰੰਗ ਵਿਚ ਰੰਗਿਆ ਰਿਹਾ। 
 ਸਨਾਤਨ ਧਰਮ ਸਭਾ ਵਲੋਂ ਕੱਢੀ ਸ਼ੋਭਾ ਯਾਤਰਾ ਦੀ ਸ਼ੁਰੂਆਤ ਮੌਕੇ ਲਕਸ਼ਮੀ ਨਰਾਇਣ ਮੰਦਰ ਕੋਲੋਂ ਧਾਰਮਿਕ ਰੀਤੀ ਰਿਵਾਜ ਅਨੁਸਾਰ ਝੰਡੀ ਦੇਣ ਦੀ ਰਸਮ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ, ਜੋਤੀ ਪ੍ਰਚੰਡ ਦੀ ਰਸਮ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਅਤੇ ਨਾਰੀਅਲ ਦੀ ਰਸਮ ਸਮਾਜ ਸੇਵੀ ਤੇਜ ਰਾਮ ਨੇ ਅਦਾ ਕੀਤੀ। ਇਸ ਮੌਕੇ ਸਨਾਤਨ ਧਰਮ ਸਭਾ ਪ੍ਰਧਾਨ ਵਿਨੋਦ ਭੰਮਾ ਨੇ ਪੁੱਜੇ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਸੱਦਾ ਦਿੱਤਾ। ਸ਼ੋਭਾ ਯਾਤਰਾ ਦੌਰਾਨ ਕੱਢੀਆਂ 25 ਧਾਰਮਿਕ ਝਾਕੀਆਂ ਦੌਰਾਨ ਹਿਸਾਰ ਤੋਂ ਆਇਆ ਬੈਂਡ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। 
ਇਸ ਮੌਕੇ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਹੋਇਆ ਸੀ ਅਤੇ ਰਸਤੇ ਵਿਚ ਥਾਂ ਥਾਂ ਤੇ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ। ਇਸ ਮੌਕੇ ਪ੍ਰਧਾਨ ਵਿਨੋਦ ਭੰਮਾ, ਜਰਨਲ ਸਕੱਤਰ ਰਾਜੇਸ਼ ਪੰਧੇਰ, ਬਿੰਦਰਪਾਲ ਗਰਗ, ਮੀਤ ਪ੍ਰਧਾਨ ਹਰੀ ਰਾਮ ਡਿੰਪਾ, ਖਜਾਨਚੀ ਯੁਕੇਸ਼ ਸੋਨੀ, ਕ੍ਰਿਸ਼ਨ ਬਾਂਸਲ, ਵਿਨੋਦ ਗੂੰਗਨ, ਰਮੇਸ ਨਿੱਕਾ, ਸੁਰਿੰਦਰ ਪਿੰਟਾ, ਰੁਲਦੂ ਰਾਮ ਨੰਦਗੜ੍ਹ, ਰਾਜ ਨਰਾਇਣ ਕੂਕਾ, ਦਿਨੇਸ਼ ਰਿੰਪੀ, ਈਸ਼ਵਰ ਗੋਇਲ, ਕੰਵਲ ਸ਼ਰਮਾ, ਗੋਰਵ ਬਜਾਜ, ਕਮਲ ਸਰਮਾ, ਰਾਜੇਸ਼ ਠੇਕੇਦਾਰ ਤੋਂ ਇਲਾਵਾ ਤੀਰਥ ਸਿੰਘ ਮਿੱਤਲ, ਮਾ. ਰੁਲਦੂ ਰਾਮ ਬਾਂਸਲ, ਪ੍ਰੇਮ ਨੰਦਗੜ੍ਹ, ਟੋਨੀ ਸ਼ਰਮਾ, ਰੁਲਦੂ ਰਾਮ, ਸਤੀਸ਼ ਸਿੰਗਲਾ ਅਤੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਸ਼ਾਮਿਲ ਸਨ। 


ਸ਼ਹਿਰ ਦੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ, ਗੀਤਾ ਭਵਨ, ਸੰਤੋਸ਼ੀ ਮਾਤਾ ਮੰਦਰ, ਤਿਰਵੈਣੀ ਮੰਦਰ, ਸ਼ਕਤੀ ਭਵਨ, ਕਾਲੀ ਮਾਤਾ ਮੰਦਰ, ਮਨਸਾ ਦੇਵੀ ਮੰਦਰ, ਨਿਰਮਲਾ ਧਾਮ, ਬ੍ਰਹਮਕੁਮਾਰੀ ਆਸ਼ਰਮ ਸਮੇਤ ਸਾਰੇ ਪ੍ਰਮੁੱਖ ਮੰਦਰਾਂ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਦੇ ਨਾਲ ਸਬੰਧਤ ਅਨੇਕਾਂ ਝਾਕੀਆਂ ਸਜਾਈਆਂ ਗਈਆਂ। ਵੱਖ ਵੱਖ ਕਈ ਮੰਦਰਾਂ ਵਿਚ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਝਾਕੀਆਂ ਵਿਚ ਬਣਾਏ ਗਏ ਰਾਧਾ ਕ੍ਰਿਸ਼ਨ ਦੇ ਸਵਰੂਪ ਬਹੁਤ ਹੀ ਮਨਮੋਹਕ ਲੱਗ ਰਹੇ ਸਨ ਤੋਂ ਇਲਾਵਾ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਵੱਖ ਵੱਖ ਲੀਲਾਵਾਂ ਦੇ ਨਾਲ ਸਬੰਧਤ ਸ਼ਹਿਰ ਵਿਚ ਕੱਢੀਆਂ ਝਾਕੀਆਂ ਵੀ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੀਆਂ ਰਹੀਆਂ। 
ਮੰਦਰਾਂ ਵਿਚ ਬਿਜਲੀ ਦੇ ਬਲੱਬਾਂ ਨਾਲ ਕੀਤੀ ਗਈ ਸਜਾਵਟ ਰਾਤ ਦੇ ਸਮੇਂ ਦੇਖਣਯੋਗ ਸੀ। ਸਾਰੇ ਮੰਦਰਾਂ ਵਿਚ ਬਿਜਲੀ  ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗ ਜਗਮਗ ਕਰਦੇ ਦਿਲਕਸ਼ ਨਜ਼ਾਰੇ ਪੇਸ਼ ਕਰ ਰਹੀ ਸੀ। ਸਾਰੇ ਮੰਦਰਾਂ ਵਿਚ ਦੇਰ ਰਾਤ ਤੱਕ ਭਾਰੀ ਭੀੜ ਦਾ ਤਾਂਤਾ ਲੱਗਿਆ ਰਿਹਾ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਵਸ ਮੌਕੇ ਪੂਰਾ ਸ਼ਹਿਰ ਹੀ ਸੜਕਾਂ ਤੇ ਦਿਖਾਈ ਦਿੱਤਾ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਪਰਿਵਾਰਾਂ ਦੇ ਪਰਿਵਾਰ ਅਤੇ ਨੌਜਵਾਨਾਂ ਦੀਆਂ ਟੋਲੀਆਂ ਪੈਦਲ ਅਤੇ ਆਪਣੇ ਵਾਹਨਾਂ ਤੇ ਮੰਦਰਾਂ ਵਿਚ ਸ਼੍ਰੀ ਕ੍ਰਿਸ਼ਨ ਦੀਆਂ ਝਾਕੀਆਂ ਵਿਚ ਦਰਸ਼ਨ ਲਈ ਘੁੰਮ ਰਹੇ ਸਨ। 


ਸ਼ਹਿਰ ਦੇ ਪ੍ਰਮੁੱਖ ਸੰਕੀਰਤਨ ਮੰਡਲ ਦੇਰ ਰਾਤ ਤੱਕ ਵੱਖ ਵੱਖ ਮੰਦਰਾਂ ਵਿਚ ਸ਼੍ਰੀ ਕ੍ਰਿਸ਼ਨ ਦੀ ਜੀਵਨ ਲੀਲਾ ਨਾਲ ਜੁੜੀਆਂ ਕਥਾਵਾਂ ਕਰਦੇ ਰਹੇ। ਮੰਦਰਾਂ ਵਿਚ ਪੇਸ਼ ਕੀਤੇ ਜਾ ਰਹੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਲ ਸਬੰਧਤ ‘ਸ਼ਾਮ ਤੇਰੀ ਬੰਸਰੀ ਪੁਕਾਰੇ ਰਾਧਾ ਨਾਮ’, ‘ਕ੍ਰਿਸ਼ਨ ਲੱਲਾ ਤੇਰੀ ਬੰਸਰੀ ਕਮਾਲ ਕਰ ਗਈ’, ‘ਛੋਟੀ ਛੋਟੀ ਗਾਈਆਂ ਛੋਟੇ ਛੋਟੇ ਬਾਲ’ ਆਦਿ ਭਜਨਾਂ ਨੇ ਸ਼ਰਧਾਲੂਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਪੂਰੇ ਸ਼ਹਿਰ ਦੇ ਮੰਦਰਾਂ ਵਿਚ ‘ਗੋਬਿੰਦਾ ਬੋਲੋ, ਸ਼੍ਰੀ ਗੋਪਾਲ ਬੋਲੋ’ ਦਾ ਨਾਅਰਾ ਗੂੰਜਦਾ ਰਿਹਾ। ਜਿਸ ਦੇ ਚੱਲਦੇ ਪੂਰਾ ਸ਼ਹਿਰ ਸ਼੍ਰੀ ਕ੍ਰਿਸ਼ਨਮਈ ਹੋ ਉੱਠਿਆ।

LEAVE A REPLY

Please enter your comment!
Please enter your name here