

ਚੰਡੀਗੜ੍ਹ: ਪੰਜਾਬ ਸਰਕਾਰ ਨੇ ਘੱਟੋ-ਘੱਟ ਮਜ਼ਦੂਰੀ ਦਰ ਵਿੱਚ ਇਜ਼ਾਫ਼ਾ ਕਰ ਦਿੱਤਾ ਹੈ। ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਆਧਾਰ ‘ਤੇ ਸਤੰਬਰ, 2018 ਦੇ ਮੁਕਾਬਲੇ ਇਸ ਵਾਰ ਸਾਢੇ ਤਿੰਨ ਤੋਂ 4.63 ਫ਼ੀਸਦ ਤਕ ਵਾਧਾ ਕੀਤਾ ਗਿਆ ਹੈ ਜਦਕਿ ਆਧਾਰ ਸਾਲ 2013 ਦੇ ਮੁਕਾਬਲੇ ਮਜ਼ਦੂਰੀ ਵਿੱਚ 35.28 ਫ਼ੀਸਦ ਦਾ ਇਜ਼ਾਫ਼ਾ ਹੋਇਆ ਹੈ। ਇਸ ਤਹਿਤ ਆਮ ਮਜ਼ਦੂਰਾਂ ਦੀ ਦੈਨਿਕ ਮਜ਼ਦੂਰੀ ਵਿੱਚ 14.41 ਰੁਪਏ ਤੇ ਮਾਸਿਕ ਮਜ਼ਦੂਰੀ ਵਿੱਚ 374.24 ਰੁਪਏ ਦਾ ਵਾਧਾ ਹੋਇਆ ਹੈ। ਹਾਲਾਂਕਿ ਘੱਟੋ-ਘੱਟ ਮਜ਼ਦੂਰੀ ਦਰ ਵਧਣ ਦੇ ਬਾਵਜੂਦ ਇਹ ਹਰਿਆਣਾ ਤੇ ਦਿੱਲੀ ਦੇ ਮੁਕਾਬਲੇ ਘੱਟ ਹੀ ਰਹੇਗੀ।
ਨਵੀਂ ਮਜ਼ਦੂਰੀ ਦਰ 31 ਅਗਸਤ ਤਕ ਲਾਗੂ ਰਹੇਗੀ। ਇਸ ਤੋਂ ਬਾਅਦ ਪਹਿਲੀ ਸਤੰਬਰ ਤੋਂ ਨਵੀਂ ਮਜ਼ਦੂਰੀ ਦਰ ਲਾਗੂ ਹੋਏਗੀ। ਸਰਕਾਰ ਦੇ ਐਲਾਨ ਦਾ ਫਾਇਦਾ ਦੈਨਿਕ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਤੋਂ ਲੈ ਕੇ ਉੱਚ ਕੁਸ਼ਲ ਮਜ਼ਦੂਰਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਸਰਕਾਰੀ ਸੰਸਥਾ-ਬੋਰਡ-ਨਿਗਮ ਦੇ ਮਜ਼ਦੂਰਾਂ ਤੇ ਠੇਕੇ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਲੈ ਕੇ ਉੱਚ ਕੁਸ਼ਲ ਮਜ਼ਦੂਰ ਵੀ ਇਸ ਵਿੱਚ ਸ਼ਾਮਲ ਹੋਣਗੇ। ਇਹ ਆਮ ਮਜ਼ਦੂਰਾਂ ਤੋਂ ਲੈ ਕੇ ਸਰਕਾਰੀ ਸੰਸਥਾ, ਬੋਰਡਾਂ ਤੇ ਨਿਗਮ ਵਿੱਚ ਕੰਮ ਕਰਨ ਵਾਲੇ ਕਾਮਿਆਂ ‘ਤੇ ਵੀ ਲਾਗੂ ਹੋਣਗੇ।
ਦੂਜੇ ਪਾਸੇ ਅਕੁਸ਼ਲ ਖੇਤੀਬਾੜੀ ਕਾਮਿਆਂ ਨੂੰ ਭੋਜਨ ਦੇ ਨਾਲ ਮਜ਼ਦੂਰੀ ਵਿੱਚ 13.50 ਰੁਪਏ ਤੇ ਬਗੈਰ ਖਾਣੇ ਦੇ 15.01 ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਇਸ ਤੋਂ ਇਲਾਵਾ ਇੱਟਾਂ ਦੇ ਭੱਠਿਆਂ ਦੇ ਮਜ਼ਦੂਰਾਂ ਦੀ ਤਨਖ਼ਾਹ ਵਿੱਚ 06 ਰੁਪਏ ਤੋਂ 25 ਰੁਪਏ ਤੱਕ ਵਾਧਾ ਕੀਤਾ ਗਿਆ ਹੈ। ਜੇ ਠੇਕੇਦਾਰ ਜਾਂ ਕੋਈ ਵਿਅਕਤੀ ਕੰਮ ਕਰਾਉਣ ਬਾਅਦ ਘੱਟੋ-ਘੱਟ ਮਜ਼ਦੂਰੀ ਦਰ ਨਹੀਂ ਦਿੰਦਾ ਤਾਂ ਜ਼ਿਲ੍ਹੇ ਦੇ ਮਜ਼ਦੂਰ ਵਿਭਾਗ ਵਿੱਚ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਸੂਬਾ ਸਰਕਾਰ ਨੇ ਮਜ਼ਦੂਰਾਂ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੈ- ਅਕੁਸ਼ਲ (ਚਪੜਾਸੀ, ਚੌਕੀਦਾਰ, ਹੈਲਪਰ ਆਦਿ), ਅਰਧ ਕੁਸ਼ਲ (ਅਕੁਸ਼ਲ ਦੇ ਅਹੁਦੇ ‘ਤੇ 10 ਸਾਲਾਂ ਦਾ ਤਜਰਬਾ), ਕੁਸ਼ਲ (ਆਈਆਈਟੀ ਤੇ ਡਿਪਲੋਮਾਧਾਰਕ ਨਾਲ ਤਜਰਬਾ) ਤੇ ਉੱਚ ਕੁਸ਼ਲ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ)।
ਦਿਹਾੜੀ ਮਜ਼ਦੂਰਾਂ ਦੀ ਗੱਲ ਕੀਤੀ ਜਾਏ ਤਾਂ ਅਕੁਸ਼ਲ ਦੀ ਮਾਸਿਕ ਮਜ਼ਦੂਰੀ ਦਰ 325.53, ਅਰਧ ਕੁਸ਼ਲ ਦੀ 355.53, ਕੁਸ਼ਲ ਦੀ 390.03 ਤੇ ਉੱਚ ਕੁਸ਼ਲ ਦੀ ਮਜ਼ਦੂਰੀ 429.73 ਰੁਪਏ ਕੀਤੀ ਗਈ ਹੈ।
ਮਜ਼ਦੂਰਾਂ ਦੀ ਮਾਸਿਕ ਘੱਟੋ-ਘੱਟ ਮਜ਼ਦੂਰੀ ਦੀ ਗੱਲ ਕੀਤੀ ਜਾਏ ਤਾਂ ਅਕੁਸ਼ਲ ਦੀ ਮਜ਼ਦੂਰੀ ਦਰ 8451.95, ਅਰਧ ਕੁਸ਼ਲ ਦੀ 9231.95, ਕੁਸ਼ਲ ਦੀ 10128.95 ਤੇ ਉੱਚ ਕੁਸ਼ਲ ਦੀ ਮਜ਼ਦੂਰੀ 11160.95 ਰੁਪਏ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਵਿਭਾਗਾਂ ਵਿੱਚ ਆਊਟਸੋਰਸ ਮੁਲਾਜ਼ਮਾਂ ਵਿੱਚ ਕਲਾਸ ਏ ਦੀ ਦੈਨਿਕ ਮਜ਼ਦੂਰੀ ਦਰ 524.43, ਕਲਾਸ ਬੀ ਦੀ 460.23, ਕਲਾਸ ਸੀ ਦੀ 402.78 ਤੇ ਕਲਾਸ ਡੀ ਦੀ ਮਜ਼ਦੂਰੀ 356.33 ਰੁਪਏ ਕਰ ਦਿੱਤੀ ਗਈ ਹੈ।























