ਕੈਪਟਨ ਨੇ ਹਿੱਲੀ ਕੁਰਸੀ ਬਚਾਉਣ ਲਈ ਖੋਲ੍ਹਿਆ ਕੈਬਨਿਟ ਰੈਂਕਾਂ ਦਾ ਪਿਟਾਰਾ, ਲਾਮ ਲਸ਼ਕਰ ਨੇ ਕੱਢੀ ਖ਼ਜ਼ਾਨੇ ਦੀ ਜਾਨ, ‘ਆਪ’ ਔਖੀ

0
49

ਚੰਡੀਗੜ੍ਹ (ਸਾਰਾ ਯਹਾ,(ਬਲਜੀਤ ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਪੱਧਰ ਦੇ ਰੁਤਬੇ ਰਿਉੜੀਆਂ ਵਾਂਗ ਵੰਡੇ ਜਾਣ ਤੋਂ ਆਮ ਆਦਮੀ ਪਾਰਟੀ (ਆਪ) ਔਖੀ ਹੈ। ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਮਾਨ ਨੇ ਕਿਹਾ ਹੈ ਕਿ ਆਪਣੀ ਹਿੱਲ ਰਹੀ ਕੁਰਸੀ ਨੂੰ ਬਚਾਉਣ ਲਈ ਕੈਪਟਨ ਕੈਬਨਿਟ ਮੰਤਰੀ ਪੱਧਰ ਦੇ ਰੁਤਬੇ ਵੰਡਣ ‘ਚ ਮਸਰੂਫ਼ ਹਨ। ਕੈਪਟਨ ਦੇ ਇਹ ਸਿਆਸੀ ਪੈਂਤੜੇ ਜਿੱਥੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ, ਉੱਥੇ ਪੰਜਾਬ ਦੇ ਖ਼ਜ਼ਾਨੇ ਦੀਆਂ ਵੀ ਫੱਕੀਆਂ ਉਡਾ ਰਹੇ ਹਨ।

ਉਨ੍ਹਾਂ ਕਿਹਾ ਕਿ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਤੇ ਰੁਤਬਾ ਦੇ ਕੇ ਕੈਪਟਨ ਨੇ ਦਿਖਾ ਦਿੱਤਾ ਹੈ ਕਿ ਕਾਂਗਰਸ ਅੰਦਰ ਸਭ ਕੁਛ ਠੀਕ ਨਾ ਹੋਣ ਕਰਕੇ ਵਿਧਾਇਕਾਂ ਤੇ ਲੀਡਰਾਂ ਨੂੰ ਕਿਸ ਤਰ੍ਹਾਂ ਦੇ ਲਾਲਚ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਤੇ ਕਾਨੂੰਨ ਮੁਤਾਬਕ ਪੰਜਾਬ ਦੇ 117 ਵਿਧਾਇਕਾਂ ‘ਤੇ ਮੁੱਖ ਮੰਤਰੀ ਸਮੇਤ ਕੁੱਲ 18 ਮੰਤਰੀ ਹੀ ਬਣਾਏ ਜਾ ਸਕਦੇ ਹਨ।

ਇਸ ਦੇ ਉਲਟ ਕੈਪਟਨ ਸਮੇਂ ਸਮੇਂ ‘ਤੇ ਉੱਠਦੇ ਅੰਦਰੂਨੀ ਸਿਆਸੀ ਤੁਫ਼ਾਨਾਂ ਨੂੰ ਠੱਲ੍ਹਣ ਲਈ ਕੈਬਨਿਟ ਮੰਤਰੀਆਂ ਦੇ ਰੁਤਬਿਆਂ ਦਾ ਪਟਾਰਾ ਖੋਲ੍ਹ ਲੈਂਦੇ ਹਨ। ਇਸ ਸਮੇਂ ਮੰਤਰੀ ਮੰਡਲ ‘ਚ ਬੇਸ਼ੱਕ ਇੱਕ ਅਹੁਦਾ (ਨਵਜੋਤ ਸਿੱਧੂ ਦੇ ਅਸਤੀਫ਼ੇ ਉਪਰੰਤ) ਖ਼ਾਲੀ ਪਿਆ ਹੈ, ਪਰ 10 ਦੇ ਕਰੀਬ ਕੈਬਨਿਟ/ਰਾਜ ਮੰਤਰੀਆਂ ਦੇ ਰੁਤਬੇ ਨਿਵਾਜੇ ਹੋਏ ਹਨ। ਮੁੱਖ ਮੰਤਰੀ ਦੀ ਆਪਣੀ ਓਐਸਡੀ ਫ਼ੌਜ ਦੀ ਗਿਣਤੀ ਦਰਜਨ ਤੋਂ ਟੱਪ ਚੁੱਕੀ ਹੈ। ਇਨ੍ਹਾਂ ਦੀਆਂ ਕਾਰਾਂ-ਕੋਠੀਆਂ ਤੇ ਲਾਮ ਲਸ਼ਕਰ ਦਾ ਬੋਝ ਪੰਜਾਬ ਦੇ ਖ਼ਜ਼ਾਨੇ ਰਾਹੀ ਜਨਤਾ ਝੱਲ ਰਹੀ ਹੈ।

LEAVE A REPLY

Please enter your comment!
Please enter your name here