ਕੈਨੇਰਾ ਬੈਂਕ ਦੇ ਮੈਨੇਜਰ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਲੁੱਟੇ 38 ਲੱਖ ਰੁਪਏ (ਤਸਵੀਰਾਂ)

0
5

ਅੰਮ੍ਰਿਤਸਰ (ਸਾਰਾ ਯਹਾ)— ਇਥੋਂ ਦੇ ਮਜੀਠਾ ‘ਚ ਪੈਂਦੇ ਕੈਨੇਰਾ ਬੈਂਕ ਦੇ ਮੈਨੇਜਰ ਨਾਲ ਲੁੱਟਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਰਾ ਬੈਂਕ ਦਾ ਮੈਨੇਜਰ ਬਲਜੀਤ ਸਿੰਘ 38 ਲੱਖ ਰੁਪਏ ਕੈਸ਼ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ ਕਿ ਇਸੇ ਦੌਰਾਨ ਨਾਗਕਲਾਂ ਨੇੜੇ ਦੋ ਹਾਂਡਾ ਸਿਟੀ ਗੱਡੀਆਂ ‘ਚ ਆਏ ਕਰੀਬ 7 ਅਣਪਛਾਤੇ ਲੁਟੇਰਿਆਂ ਨੇ ਉਸ ਦੀ ਗੱਡੀ ਰੋਕ ਕੇ ਸ਼ੀਸ਼ੇ ਤੋੜ ਦਿੱਤੇ ਅਤੇ ਪਿਸਤੌਲ ਦੇ ਬਲ ‘ਤੇ ਮੈਨੇਜਰ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਉਸ ਕੋਲੋਂ 38 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

ਇਸ ਘਟਨਾ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੰਜਾਬ ਪੁਲਸ ਦੇ ਆਈ. ਜੀ . ਸ. ਸੁਰਿੰਦਰਪਾਲ ਸਿੰਘ, ਐੱਸ. ਐੱਸ. ਪੀ ਪਰਮਪਾਲ ਸਿੰਘ, ਐੱਸ. ਪੀ. ਡੀ ਹਰਪਾਲ ਸਿੰਘ, ਡੀ. ਐੱਸ. ਪੀ ਨਿਰਲੇਪ ਸਿੰਘ ਮਜੀਠਾ, ਐੱਸ. ਐੱਚ. ਓ ਸੁਖਰਾਜ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਕੇ ਇਸ ਲੁੱਟ ਦੇ ਮਾਮਲੇ ਨੂੰ ਆਪਣੇ ਹੱਥਾਂ ‘ਚ ਲੈ ਕੇ ਬਾਰੀਕੀ ਨਾਲ ਛਾਣਬੀਨ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਇਲਾਕੇ ‘ਚ ਅਲਰਟ ਜਾਰੀ ਕਰਦੇ ਹੋਏ ਲੁੱਟ ਨੂੰ ਅਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂਦੀ ਭਾਲ ਸੁਰੂ ਕਰ ਦਿਤੀ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਕੈਨੇਰਾ ਬੈਂਕ ਦੇ ਸਹਾਇਕ ਮੈਨੇਜਰ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੀ ਨਿੱਜੀ ਕਾਰ ਨੰਬਰ ਪੀ. ਬੀ 02 ਬੀ. ਜੇ-7103 ‘ਤੇ ਆਪਣੇ ਸਹਾਇਕ ਦਵਿੰਦਰ ਸਿੰਘ ਨਾਲ 38 ਲੱਖ ਰੁਪਏ ਦੀ ਰਾਸ਼ੀ ਮਜੀਠਾ ਤੋਂ ਲੈ ਕੇ ਅੰਮ੍ਰਿਤਸਰ ਜਾ ਰਹੇ ਸਨ ਕਿ ਪਿੰਡ ਨਾਗ ਕਲਾਂ ਕੋਲ ਦੋ ਚਿੱਟੇ ਰੰਗ ਦੀਆਂ ਹਾਂਡਾ ਗੱਡੀਆਂ ਆਈਆਂ ਤਾਂ ਉਨ੍ਹਾਂ ਨੇ ਗੱਡੀਆਂ ਇਕ ਦਮ ਉਨ੍ਹਾਂ ਦੀ ਕਾਰ ਦੇ ਇਕ ਅੱਗੇ ਅਤੇ ਇਕ ਕਾਰ ਦੇ ਨਾਲ ਲਿਆ ਕੇ ਖੜ੍ਹੀ ਕਰ ਦਿੱਤੀ। ਇੰਨ੍ਹਾਂ ‘ਚੋਂ ਇਕ ਗੱਡੀ ‘ਚੋਂ ਇਕ ਵਿਅਕਤੀ ਬਾਹਰ ਨਿਕਲਿਆ ਅਤੇ ਹੱਥ ‘ਚ ਫੜੀ ਹਥੋੜੀ ਨਾਲ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਕੁਝ ਨੌਜਵਾਨਾਂ ਨੇ ਅੱਖਾਂ ‘ਚ ਮਿਰਚਾਂ ਪਾ ਕੇ ਗੋਲੀ ਚਲਾਉਣ ਦੀ ਧਮਕੀ ਦਿੱਤੀ। ਜਦੋਂ ਉਨ੍ਹਾਂ ਨੇ ਕਿਹਾ ਕਿ ਗੋਲੀ ਨਾ ਚਲਾਉਣਾ ਤਾਂ ਫਿਰ ਇਸ ਤੋਂ ਬਾਅਦ ਕਾਰ ਦੀ ਪਿਛਲੀ ਸੀਟ ‘ਤੇ ਰੱਖਿਆ 38 ਲੱਖ ਰੁਪਏ ਦੇ ਕੈਸ਼ ਨਾਲ ਭਰਿਆ ਕਾਲੇ ਰੰਗ ਦਾ ਬੈਗ ਚੁੱਕ ਕੇ ਫਰਾਰ ਹੋ ਗਏ।

ਇਥੇ ਇਹ ਜ਼ਿਕਰਯੋਗ ਹੈ ਕਿ ਇਥੇ ਇਕ ਨੌਜਵਾਨ ਨੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਇਨ੍ਹਾਂ ਕਾਰਾਂ ਦਾ ਪਿੱਛਾ ਕਰਨਾ ਚਾਹਿਆ ਅਤੇ ਕਰੀਬ ਇਕ ਕਿਲੋਮੀਟਰ ਆਪਣੇ ਮੋਟਰ ਸਾਈਕਲ ‘ਤੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਕਾਰਾਂ ਤੇਜ਼ ਹੋਣ ਕਰਕੇ ਉਹ ਕਾਰਾਂ ਭਜਾ ਕੇ ਲੈ ਗਏ ਪਰ ਲੁਟੇਰਿਆਂ ਦੀਆਂ ਗੱਡੀਆਂ ‘ਚੋਂ ਇਕ ਗੱਡੀ ਦਾ ਨੰਬਰ ਪੀ. ਬੀ. 02 ਸੀ. ਵਾਈ 1927 ਉਸ ਵਿਅਕਤੀ ਵੱਲੋਂ ਨੋਟ ਕੀਤਾ ਗਿਆ। ਸਹਾਹਿਕ ਮੈਨੇਜਰ ਬਲਜੀਤ ਸਿੰਘ ਨੇ ਦਸਿਆ ਕਿ ਜਿਹੜੀ ਕਾਰ ਉਸ ਦੀ ਕਾਰ ਲਾਗੇ ਖੜ੍ਹੀ ਹੋਈ ਸੀ, ਉਸ ਵਿਚ ਚਾਰ ਵਿਅਕਤੀ ਮੌਜੂਦ ਸਨ, ਜਿਹੜੇ ਸਾਰੇ ਸਿਰ ਤੋਂ ਮੋਨੇ ਸਨ। ਦੱਸਣਯੋਗ ਹੈ ਕਿ ਜਿਸ ਜਗ੍ਹਾ ਵਾਰਦਾਤ ਹੋਈ ਹੈ, ਉਥੇ ਪੁਲਸ ਦਾ ਪੱਕਾ ਨਾਕਾ ਲੱਗਾ ਹੁੰਦਾ ਸੀ ਜੋ ਦੋ-ਤਿੰਨ ਦਿਨ ਪਹਿਲਾਂ ਹੀ ਹਟਾਇਆ ਗਿਆ ਸੀ ਅਤੇ ਇਸ ਮੌਕੇ ਡੀ. ਐੱਸ. ਪੀ ਨਿਰਲੇਪ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਮਜੀਠਾ ਦੇ ਸਾਰੇ ਬੈਕ ਮੈਨਜਰਾਂ ਨੂੰ ਲਿਖਤੀ ਚਿਠੀਆਂ ਕੱਢੀਆਂ ਗਈਆ ਹਨ ਕਿ ਜਦ ਵੀ ਕੈਸ਼ ਲੈ ਕੇ ਜਾਣਾ ਹੋਵੇ ਤਾਂ ਪੁਲਸ ਫੋਰਸ ਨੂੰ ਨਾਲ ਲੈ ਕੇ ਜਾਣ।


EDITED BY : SARA YAHA | | Last Updated :6:55 pm 23 august 2018

LEAVE A REPLY

Please enter your comment!
Please enter your name here