

ਟਰਾਂਟੋ 21,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕੈਨੇਡਾ ਸਰਕਾਰ ਨੇ ਵਿਦੇਸ਼ ‘ਚੋਂ ਆਉਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਸਿਨੋਫਾਰਮ, ਸਿਨੋਵੈਕ ਤੇ ਕੋਵੈਕਸੀਨ ਨਾਲ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ 30 ਨਵੰਬਰ ਤੋਂ ਕੈਨੇਡਾ ‘ਚ ਆਉਣ ਦੀ ਆਗਿਆ ਹੋਵੇਗੀ। ਹੁਣ ਤਕ ਕੈਨੇਡਾ ‘ਚ ਸਿਰਫ਼ ਉਹ ਯਾਤਰੀ ਆ ਸਕਦੇ ਹਨ, ਜਿਨ੍ਹਾਂ ਨੇ ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ ਤੇ ਜੌਹਨਸਨ ਐਂਡ ਜੌਹਨਸਨ ਦੀਆਂ ਡੋਜ਼ਾਂ ਲਈਆਂ ਹੋਣ। ਸਰਕਾਰ ਦੇ ਨਵੇਂ ਫੈਸਲੇ ਨਾਲ ਵਿਦੇਸ਼ੀ ਯਾਤਰੀਆਂ ਨੂੰ ਵੱਡਾ ਲਾਹਾ ਮਿਲੇਗਾ।ਮੀਡੀਆ ਰਿਪੋਰਟ ਮੁਤਾਬਕ 30 ਨਵੰਬਰ ਤੋਂ ਕੈਨੇਡਾ ਤੋਂ ਥਲ ਜਾਂ ਹਵਾਈ ਮਾਰਗ ਰਾਹੀਂ 72 ਤੋਂ ਘੱਟ ਸਮੇਂ ਲਈ ਬਾਹਰ ਜਾਣ ਵਾਲੇ ਲੋਕਾਂ ਨੂੰ ਦੁਬਾਰਾ ਮੁਲਕ ’ਚ ਦਾਖ਼ਲ ਹੋਣ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਨਹੀਂ ਹੋਵੇਗੀ। ਇਹ ਤਬਦੀਲੀ ਸਿਰਫ਼ ਕੈਨੇਡੀਅਨ ਨਾਗਰਿਕਾਂ, ਪੱਕੇ ਵਸਨੀਕਾਂ ਤੇ ਭਾਰਤੀ ਐਕਟ ਤਹਿਤ ਰਜਿਸਟਰਡ ਵਿਅਕਤੀਆਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਵੈਕਸੀਨੇਸ਼ਨ ਸਬੰਧੀ ਮੈਡੀਕਲ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ’ਤੇ ਲਾਗੂ ਹੋਵੇਗੀ।ਇਸ ਤੋਂ ਇਲਾਵਾ 15 ਜਨਵਰੀ ਤੋਂ ਯਾਤਰੀਆਂ ਦੇ ਕੁਝ ਸਮੂਹਾਂ, ਜਿਨ੍ਹਾਂ ਨੂੰ ਮੁਲਕ ‘ਚ ਦਾਖ਼ਲ ਹੋਣ ਸਬੰਧੀ ਲੋੜੀਂਦੀਆਂ ਸ਼ਰਤਾਂ ਤੋਂ ਛੋਟ ਹੈ, ਨੂੰ ਕੈਨੇਡਾ ‘ਚ ਸਿਰਫ਼ ਉਸੇ ਸਮੇਂ ਆਉਣ ਦੀ ਆਗਿਆ ਹੋਵੇਗੀ ਜਿਨ੍ਹਾਂ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ। ਇਨ੍ਹਾਂ ਸਮੂਹਾਂ ਵਿੱਚ ਆਪਣੇ ਪਰਿਵਾਰ ਨਾਲ ਮੁੜ ਇਕੱਠੇ ਹੋਣ ਵਾਲੇ ਵਿਅਕਤੀ, ਕੌਮਾਂਤਰੀ ਵਿਦਿਆਰਥੀ, ਪੇਸ਼ੇਵਰ ਤੇ ਗੈਰ-ਪੇਸ਼ੇਵਰ ਐਥਲੀਟ, ਪੁਖ਼ਤਾ ਕੰਮ ਸਬੰਧੀ ਪਰਮਿਟ ਹਾਸਲ ਵਿਅਕਤੀ ਤੇ ਟਰੱਕ ਡਰਾਈਵਰਾਂ ਸਮੇਤ ਦੂਜੀਆਂ ਜ਼ਰੂਰੀ ਸੇਵਾਵਾਂ ਵਾਲੇ ਕਾਮੇ ਸ਼ਾਮਲ ਹਨ।























