

ਮਾਨਸਾ, 19 ਮਈ (ਬਲਜੀਤ ਸ਼ਰਮਾ ) : ਕੈਦੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਚੱਲ ਰਹੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਨੇ ਅੱਜ ਮਾਨਸਾ ਕੋਰਟ ਵਿਖੇ ਸਰੈਂਡਰ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਵਿਜੀਲੈਂਸ ਸ਼੍ਰੀ ਭੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ 17 ਦਸੰਬਰ 2017 ਨੂੰ ਜ਼ਿਲ੍ਹਾ ਜੇਲ੍ਹ ਮਾਨਸਾ ਵਿੱਚ ਬੰਦ ਕੈਦੀ ਗੋਰਵ ਦੇ ਭਰਾ ਰਵਿੰਦਰ ਕੁਮਾਰ ਵਾਸੀ ਸ਼ਾਹਬਾਦ ਮਾਰਕੰਡਾ (ਹਰਿਆਣਾ) ਵੱਲੋਂ ਇਹ ਸ਼ਿਕਾਇਤ ਕੀਤੀ ਗਈ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਜੇਲ੍ਹ ਵਿੱਚ ਬੰਦ ਕੈਦੀਆਂ ਤੋਂ ਉਨ੍ਹਾਂ ਨੂੰ ਮਨ ਮਰਜੀ ਦੇ ਸਾਥੀਆਂ ਨਾਲ ਬੈਰਕਾਂ ਵਿੱਚ ਰੱਖਣ, ਜੇਲ੍ਹ ਅੰਦਰ ਮੋਬਾਇਲ ਅਤੇ ਹੋਰ ਸਹੂਲਤਾਂ ਦੇਣ ਅਤੇ ਮਨ ਪਸੰਦ ਮਸ਼ੱਕਤ ‘ਤੇ ਲਾਉਣ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਹੈ। ਉਸ ਵੱਲੋਂ ਇਹ ਕੰਮ ਆਪਣੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਦੀ ਨਿਗਰਾਨੀ ਹੇਠ ਕੰਟੀਨ ‘ਤੇ ਕੰਮ ਕਰਦੇ ਕੈਦੀ ਪਵਨ ਕੁਮਾਰ ਦੀ ਦੇਖ-ਰੇਖ ਹੇਠ ਕੀਤਾ ਜਾਂਦਾ ਹੈ।
ਐਸ.ਪੀ. ਨੇ ਦੱਸਿਆ ਕਿ ਸ਼ਿਕਾਇਤ ਕਰਤਾ ਅਨੁਸਾਰ ਇਹ ਰਿਸ਼ਵਤ ਜਾਂ ਤਾਂ ਨਗਦ ਲਈ ਜਾਂਦੀ ਸੀ ਜਾਂ ਫਿਰ ਭਰੋਸੇਯੋਗ ਕੈਦੀਆਂ ਦੇ ਬੈਂਕ ਖਾਤਿਆਂ ਵਿੱਚ ਪਵਾ ਲਈ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਭਰਾ ਗੋਰਵ ਕੈਦੀ ਪਵਨ ਕੁਮਾਰ ਨਾਲ ਕੰਟੀਨ ‘ਤੇ ਕੰਮ ਕਰਦਾ ਰਿਹਾ ਹੈ ਅਤੇ ਉਸ ਦੇ ਖਾਤੇ ਵਿੱਚ ਵੀ ਪਵਨ ਕੁਮਾਰ ਦੇ ਕਹਿਣ ‘ਤੇ ਕੈਦੀਆਂ ਦੇ ਵਾਰਸਾਂ ਵੱਲੋਂ ਰਕਮਾਂ ਪਵਾਈਆਂ ਗਈਆਂ ਹਨ। ਉਸ ਦੇ ਭਰਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕੁੱਟ ਮਾਰ ਵੀ ਕੀਤੀ ਗਈ ਹੈ। ਰਵਿੰਦਰ ਕੁਮਾਰ ਨੇ ਦੱਸਿਆ ਕਿ ਕੈਦੀ ਪਵਨ ਕੁਮਾਰ ਨੇ ਆਪਣੇ ਮੋਬਾਇਲ ਤੋਂ ਮੇਰੇ ਨਾਲ ਗੱਲ ਕਰਕੇ ਮੇਰਾ ਭਰਾ ਗੋਰਵ ਦੇ ਖਾਤੇ ਵਿੱਚ ਜਮ੍ਹਾ ਹੋਈਆਂ ਰਕਮਾਂ ਬਦਲੇ 86,200/- ਰੁਪਏ ਦੇ ਚੈਕ ਅਤੇ 50 ਹਜ਼ਾਰ ਰੁਪਏ ਨਗਦੀ ਦੀ ਮੰਗ ਕੀਤੀ ਗਈ ਹੈ। ਐਸ.ਪੀ. ਨੇ ਦੱਸਿਆ ਕਿ ਰਵਿੰਦਰ ਕੁਮਾਰ ਦੇ ਬਿਆਨਾਂ ‘ਤੇ ਮੁਕੱਦਮਾ ਨੰਬਰ 21 ਮਿਤੀ 17/12/2017 ਅਧੀਨ ਧਾਰਾ 7/8/13 (1) ਡੀ ਰ/ਵ 13(2) ਪੀ.ਸੀ. ਐਕਟ 1988, 327/166/34/120ਬੀ , ਆਈ.ਪੀ.ਸੀ. ਥਾਣਾ ਵਿਜੀਲੈਂਸ ਬਿਊਰੋ, ਬਠਿੰਡਾ ਵਿਰੁੱਧ ਗੁਰਜੀਤ ਸਿੰਘ ਬਰਾੜ ਡਿਪਟੀ ਸੁਪਰਡੈਂਟ, ਸਿਕੰਦਰ ਸਿੰਘ ਸਹਾਇਕ ਸੁਪਰਡੈਂਟ ਅਤੇ ਕੈਦੀ ਪਵਨ ਕੁਮਾਰ ਜ਼ਿਲ੍ਹਾ ਜੇਲ੍ਹ ਮਾਨਸਾ ਦਰਜ ਹੋਇਆ ਸੀ ਅਤੇ ਮਿਤੀ 17/12/2017 ਨੂੰ ਸਿਕੰਦਰ ਸਿੰਘ ਅਤੇ ਪਵਨ ਕੁਮਾਰ ਜੇਲ੍ਹ ਹਦੂਦ ਤੋਂ ਬਾਹਰ ਤਾਮਕੋਟ ਭੈਣੀ ਬਾਘਾ ਲਿੰਕ ਰੋਡ ‘ਤੇ 50 ਹਜ਼ਾਰ ਦੀ ਰਿਸ਼ਵਤ ਅਤੇ 86,200/- ਰੁਪਏ ਦਾ ਰਿਸ਼ਵਤੀ ਚੈਕ ਸਮੇਤ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ।
ਐਸ.ਪੀ. ਸ਼੍ਰੀ ਸਿੱਧੂ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਬਰਾਮਦ ਦਸਤਾਵੇਜ਼ਾਂ ਅਤੇ ਦੋਸ਼ੀ ਕੈਦੀ ਪਵਨ ਕੁਮਾਰ ਦੀ ਪੁੱਛਗਿੱਛ ‘ਤੇ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਜੇਲ੍ਹ, ਗੁਰਜੀਤ ਸਿੰਘ ਬਰਾੜ ਡਿਪਟੀ ਸੁਪਰਡੈਂਟ ਅਤੇ ਸਿਕੰਦਰ ਸਿੰਘ ਸਹਾਇਕ ਸੁਪਰਡੈਂਟ ਜੇਲ੍ਹ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ/ਹਵਾਲਾਤੀਆਂ ਤੋਂ ਉਨ੍ਹਾਂ ਨੂੰ ਮਨਮਰਜੀ ਦੇ ਸਾਥੀਆਂ ਨਾਲ ਬੰਦ ਰੱਖਣ ਮੋਬਾਇਲ ਫੋਨ, ਹੀਟਰ, ਗੱਦੇ ਆਦਿ ਸਹੂਲਤਾਂ ਦੇਣ, ਨਸ਼ਿਆਂ ਦੀ ਵਰਤੋਂ ਦੀ ਖੁੱਲ ਦੇਣ ਅਤੇ ਡਿਊਟੀ ਵਿੱਚ ਬਿਨ੍ਹਾਂ ਲਿਖਾਏ ਮੁਲਾਕਾਤਾਂ ਦੀਆਂ ਸਹੂਲਤਾਂ ਦੇ ਕੇ ਰਿਸ਼ਵਤਾਂ ਹਾਸਿਲ ਕਰਨ ਦੇ ਖੁਲਾਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਕੈਦੀ ਪਵਨ ਕੁਮਾਰ ਤੋਂ ਰੇਡ ਦੌਰਾਨ ਫੜੇ ਗਏ ਮੋਬਾਇਲ ਫੋਨ ਦੀ ਜੇਲ੍ਹ ਵਿੱਚ ਵਰਤੋ ਕੀਤੇ ਜਾਣ ਅਤੇ ਜੇਲ੍ਹ ਅਧਿਕਾਰੀਆਂ ਨਾਲ ਇਸ ਫੋਨ ਤੋਂ ਗੱਲਬਾਤ ਹੋਣ ਦੇ ਵੀ ਖੁਲਾਸੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਇਸ ਰਿਸ਼ਵਤੀ ਮਾਮਲੇ ਵਿੱਚ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਮਾਨਸਾ ਦੀ ਮਿਲੀ ਭੁਗਤ ਹੋਣ ਦੇ ਕਾਰਨ ਉਸ ਨੂੰ ਮੁਕੱਦਮੇ ਵਿੱਚ ਨਾਮਜਦ ਕਰਕੇ 17 ਮਈ 2018 ਨੂੰ ਗ੍ਰਿਫ਼ਤਾਰੀ ਕੀਤੀ ਜਾ ਚੁੱਕੀ ਹੈ ਅਤੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ, ਜੋ ਕਿ ਮੁਕੱਦਮਾ ਦਰਜ ਹੋਣ ਤੋਂ ਲੈ ਕੇ ਭਗੌੜਾ ਚੱਲ ਰਿਹਾ ਸੀ, ਦੇ ਖਿਲਾਫ਼ ਅਦਾਲਤ ਸੀ.ਜੇ.ਐਮ. ਮਾਨਸਾ ਵਿੱਚ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਚੱਲ ਰਹੀ ਸੀ, ਜਿਸ ਦੀ 19 ਮਈ 2018 ਨੂੰ ਸੁਣਵਾਈ ਨਿਸ਼ਚਿਤ ਸੀ। ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਬਰਾੜ ਵੱਲੋਂ ਅੱਜ ਅਦਾਲਤ ਮਾਨਸਾ ਵਿੱਚ ਪੇਸ਼ ਹੋਣ ‘ਤੇ ਉਸ ਨੂੰ ਮੁਕੱਦਮਾ ਹਜ਼ਾ ਵਿੱਚ ਡੀ.ਐਸ.ਪੀ. ਵਿਜੀਲੈਂਸ ਸ਼੍ਰੀ ਮਨਜੀਤ ਸਿੰਘ ਸਿੱਧੂ ਵੱਲੋਂ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
EDITED BY : SARA YAHA






















