*ਕਿਸਾਨ ਨਰਮੇ ਦੇ ਖੇਤਾਂ ਦਾ ਸਰਵੇਖਣ ਸਵੇਰੇ 10 ਵਜੇ ਤੋਂ ਪਹਿਲਾਂ ਕਰਨ-ਡਿਪਟੀ ਡਾਇਰੈਕਟਰ ਖੇਤੀਬਾੜੀ*

0
25

ਮਾਨਸਾ, 02 ਜੁਲਾਈ (ਸਾਰਾ ਯਹਾਂ/ਜੋਨੀ ਜਿੰਦਲ) : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਜਸਵੰਤ ਸਿੰਘ ਦੇ ਨਿਰਦੇਸ਼ਾਂ ‘ਤੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਵਿਸਥਾਰ) ਡਾ. ਚਰਨਜੀਤ ਸਿੰਘ, ਏ.ਐੱਮ.ਓ. ਡਾ. ਯਾਦਵਿੰਦਰ ਸਿੰਘ ਅਤੇ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਅਮਨਦੀਪ ਕੇਸ਼ਵ ਵੱਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ, ਰਾਮਦਿੱਤੇ ਵਾਲਾ, ਤਾਮਕੋਟ, ਭਾਈ ਦੇਸਾ ਅਤੇ ਖਿਆਲਾਂ ਕਲਾਂ ਵਿਖੇ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ |
ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੀ ਫ਼ਸਲ ਦਾ ਸਰਵੇਖਣ ਸਵੇਰੇ 10 ਵਜੇ ਤੋਂ ਪਹਿਲਾਂ ਕੀਤਾ ਜਾਵੇ ਕਿਉਂਕਿ ਇਸ ਸਮੇਂ ਕੀੜਿਆਂ ਦੀ ਗਿਣਤੀ ਸਹੀ ਪਤਾ ਲੱਗਦੀ ਹੈ | ਇਸ ਤੋਂ ਇਲਾਵਾ ਉਨ੍ਹਾਂ ਚਿੱਟੀ ਮੱਖੀ, ਭੂਰੀ ਜੂੰ, ਗੁਲਾਬੀ ਸੁੰਡੀ ਅਤੇ ਹਰਾ ਤੇਲਾ ਦੇ ਸਰਵੇਖਣ ਬਾਰੇ ਵੀ ਜਾਣਕਾਰੀ ਦਿੱਤੀ |
ਇਸ ਤੋਂ ਪਹਿਲਾਂ ਉਨ੍ਹਾਂ ਮੁੱਖ ਖੇਤੀਬਾੜੀ ਦਫ਼ਤਰ, ਮਾਨਸਾ ਵਿਖੇ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਪੰਜਾਬ ਸਰਕਾਰ ਦੇ ਨਰਮੇ ਦੀ ਫ਼ਸਲ ਪ੍ਰਤੀ ਵੱਖ—ਵੱਖ ਦਿਸ਼ਾ ਨਿਰਦੇਸ਼ਾਂ ਬਾਰੇ ਅਧਿਕਾਰੀਆਂ ਨੂੰ  ਜਾਣੂ ਕਰਵਾਉਂਦਿਆਂ ਕਿਹਾ ਕਿ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਖੇਤਾਂ ਦੇ ਲਗਾਤਾਰ ਦੌਰੇ ਕੀਤੇ ਜਾਣ |
ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ  ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਕੁੱਝ ਨਰਮੇ ਦੇ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਨੂੰ ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 90 ਕਿੱਲੋ ਯੂਰੀਆ ਫੁੱਲ ਨਿਕਲਣ ਤੱਕ 03 ਬਰਾਬਰ ਕਿਸ਼ਤਾਂ ਵਿੱਚ ਪਾਓ ਅਤੇ ਜੇਕਰ ਖੇਤਾਂ ਵਿੱਚ ਜਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦਿਖਦੀਆਂ ਹਨ ਤਾਂ 10 ਕਿੱਲੋ ਜਿੰਕ ਨੂੰ ਮਿੱਟੀ ਵਿੱਚ ਰਲਾ ਕੇ ਖੇਤ ਵਿੱਚ ਛਿੱਟਾ ਦਿਓ ਅਤੇ ਜੇਕਰ ਮੈਗਨੀਸ਼ੀਅਮ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਪਾਈਆਂ ਜਾਂਦੀਆਂ ਹਨ ਤਾਂ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਸਪਰੇਅ ਕੀਤੀ ਜਾਵੇ |
ਉਨ੍ਹਾਂ ਦੱਸਿਆ ਕਿ ਨਰਮੇ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇਂ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤੇ ‘ਤੇ 06 ਹੋ ਜਾਵੇ ਤਾਂ ਜਦੋਂ ਵਿਚਕਾਰਲੀ ਛਤਰੀ ਦੇ 50 ਫ਼ੀਸਦੀ ਬੂਟਿਆਂ ਦੇ ਪੱਤਿਆਂ ‘ਤੇ ਸ਼ਹਿਦ ਵਰਗੀਆਂ ਬੂੰਦਾ ਹੋਣ ਤਾਂ ਸ਼ੁਰੂਆਤੀ ਅਵਸਥਾ ਵਿੱਚ 1200 ਮਿਲੀਲੀਟਰ ਪ੍ਰਤੀ ਏਕੜ ਪੀ.ਏ.ਯੂ ਨਿੰਮ ਦਾ ਘੋਲ ਜਾਂ ਇੱਕ ਲਿਟਰ ਨਿੰਬੀਸੀਡੀਨ ਜਾਂ ਅਚੂਕ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ |
ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਪੈਸਟ ਸਰਵੇਲੈਂਸ ਦੀਆਂ 06 ਟੀਮਾਂ ਬਣਾਈਆਂ ਗਈਆਂ ਹਨ, ਜਿੰਨ੍ਹਾਂ ਵਿੱਚ ਇੱਕ ਜ਼ਿਲ੍ਹਾ ਪੱਧਰੀ ਅਤੇ ਪੰਜ ਬਲਾਕ ਪੱਧਰ ਦੀਆਂ ਟੀਮਾਂ ਹਨ | ਇਸ ਦੌਰੇ ਦੌਰਾਨ ਖੇਤੀਬਾੜੀ ਵਿਭਾਗ ਦੀ ਟੀਮ ਵਿੱਚ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ (ਟੀ.ਏ.), ਡਾ. ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਮਾਨਸਾ, ਸੁਖਵਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਕ ਤੋਂ ਇਲਾਵਾ ਕਿਸਾਨ ਮੌਜੂਦ ਸਨ |

LEAVE A REPLY

Please enter your comment!
Please enter your name here